ਨਿੱਤ ਸੂਰਜਾਂ ਨੇ ਚੜ੍ਹਨਾ

ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ

ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ

ਇਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ

ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ

ਰੁਕਣੀ ਨਹੀਂ ਕਹਾਣੀ, ਬੱਝੇ ਰਹਿਣੇ ਪਾਣੀ

ਰੂਹੋਂ ਬਗੈਰ ਸੱਖਣੇ, ਬੁਤ ਨਾ ਬਣਾ ਕੇ ਰੱਖਣੇ

ਪਾਣੀ ਨੇ ਰੋਜ਼ ਤੁਰਨਾ, ਕੰਢੀਆਂ ਨੇ ਰੋਜ਼ ਖੁਰਨਾ

ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ

ਚੰਨ ਤਾਰਿਆਂ ਦੀ ਲੋਏ, ਇਕਰਾਰ ਜਿਹੜੇ ਹੋਏ

ਤਾਰੇ ਉਨਾਂ ਤੇ ਹੱਸੇ ਦੀਵੇ ਉਨਾਂ 'ਤੇ ਰੋਏ

ਟੁੱਟਦੇ ਕਰਾਰ ਦੇਖੇ, ਅਸਾਂ ਬੇਸ਼ੁਮਾਰ ਦੇਖੇ

ਲਫਜਾਂ ਦਾ ਬਣਿਆ ਦੇਖੀਂ ਕੱਲ ਇਹ ਮਹਿਲ ਵੀ ਢਹਿਣਾ

ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ

ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ

ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ

ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ

ਸੁਣ ਹੇ ਝਨਾਂ ਦੇ ਪਾਣੀ, ਤੁੰ ਡੁੱਬ ਗਏ ਜਾਣੀਂ

ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ

ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ

ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ

📝 ਸੋਧ ਲਈ ਭੇਜੋ