ਨੂਰ-ਪੋਸ਼ ਬੋਲ ਇਉਂ ਛਿਪ ਗਏ,
ਪਤਾ ਨਹੀਂ ਕਿਸ ਪਾਸੇ।
ਫ਼ਜਰ ਦੇ ਸਾਦਿਕ ਰੰਗ ਉੱਜਲੇ,
ਸਹਿਮੇ ਦੇਣ ਦਿਲਾਸੇ।
ਘਾਇਲ ਮਿਰਗ, ਵਿੰਨ੍ਹੀਆਂ ਕੂੰਜਾਂ,
ਔਹ ਰੋਂਦੇ ਘਰ ਆਈਆਂ;
ਬੂਹੇ ਉਹਲੇ ਸੁਣਾਂ ਮੈਂ ਖੜ੍ਹ ਕੇ,
ਕਿਸੇ ਰੁਕਾਨ ਦੇ ਹਾਸੇ। (1)
ਉਜੜੇ ਨਗਰ ਖੜੇ ਬਰ-ਛਾਤੀ,
ਜੀਣ ਝਨਾਂ ਦੇ ਬੇਲੇ।
ਝੁੰਮਰ ਛੱਡ ਪੌਣ ਪਰਦੇਸਨ,
ਖੰਡਰਾਂ ਦੇ ਵਿਚ ਖੇਲੇ।
ਧੂੜ ਰੋਇ ਆਖਦੀ ਮੈਨੂੰ :
“ਜਾ ਘਰ ਆਪਣੇ ਵੀਰਾ।”
“ਬਾਰ ਬਿਗਾਨੜੇ ਹੋਏ ਭੈਣੇ,
ਵਿਛੜ ਗਏ ਜਦ ਮੇਲੇ।” (2)
ਰੋਹੀਆਂ ਦੇ ਵਿਚ ਸੈਨਤਾਂ ਮਾਰਨ,
ਨਾਜ਼ਕ ਪਤਲੀਆਂ ਨਾਰਾਂ।
ਨਿਗਾਹ ਨੂੰ ਪੱਛ ਪੱਛ ਕੇ ਸੀਵਨ,
ਸਰਕੜਿਆਂ ਦੀਆਂ ਵਾਰਾਂ।
ਬੁੰਬਲਾਂ ਉੱਤੇ ਹੌਕੇ ਲੈਂਦੀਆਂ,
ਬਹਿ ਦਰਵੇਸ਼ ਸਮੀਰਾਂ;
ਕਿਹੜੇ ਕਾਫ਼ਲੇ ਲਹੂ ਦੇ ਦੀਵੇ,
ਛਡ ਗਏ ਵਿਚ ਮਜ਼ਾਰਾਂ। (3)
ਸਾਗ ਰਿੰਨ੍ਹਦੀਆਂ ਚੁੱਲੇ ਕੋਲੇ,
ਸੂਤ ਅਟੇਰਨ ਰੰਨਾਂ।
“ਪਾਵੇ ਨਾਲ ਕਾਲ ਦੇ ਜਮ ਨੂੰ,
ਕਹੇ ਛੰਨਾਰ : “ਮੈਂ ਬੰਨ੍ਹਾਂ।”
ਸ਼ਾਲਾ ਰੂਹ ਬਨਬਾਸ ਨ ਪਾਵੀਂ,
ਰੋਣ ਬੁੱਢੀਆਂ ਮਾਵਾਂ;
“ਦੀਵਾ ਸਹਿਜ ਬਲੇ ਵਿਚ ਕੱਤਕ"
'ਵਾਜ ਪਵੇ ਮੈਂ ਕੰਨਾਂ। (4)
ਸਾਹ ਮਿਰੇ ਗਿਣ ਗਿਣ ਵਣਜਾਰਣ,
ਬੈਠੀ ਹਵਾ ਨੂੰ ਫੋਲੇ।
ਫ਼ਜਰ ਦੀਆਂ ਰਾਹਾਂ ਦੇ ਉੱਤੇ
ਚਾਕ ਮਿਲੇ, ਨ ਬੋਲੇ।
ਜਿਸ ਬੇਲੇ ਵਿਚ ਉਮਰ ਗਵਾਈ
ਪੈੜ ਨ ਓਥੇ ਮੇਰੀ,
ਆਲਮ ਕੁਲ ਸੰਞਾਣ ਲਵੇਗਾ,
ਦਾਗ਼ ਲਹੂ ਦੇ ਚੋਲੇ। (5)
ਬਾਲਪਨ ਦੇ ਮੱਥੇ ਆਖ਼ਿਰ
ਢੂੰਡੇ ਜ਼ਖ਼ਮ ਨਸੀਬਾਂ।
ਬਹੁਤ ਹੈਰਾਨ ਹੋਏ ਸ਼ਰਮਿੰਦੇ
ਲਬ ਸੀ ਲਏ ਤਬੀਬਾਂ।
“ਗੁਨਾਹਗਾਰ ਕੌਣ ਨੇ ਤੇਰੇ
ਕੂਕ ਕਿਹਾ ਕੁਲ ਚਾਕਾਂ,
ਨਿਗਾਹ ਮਾਸੂਮ ਉਠੀ ਜਦ ਮੇਰੀ
ਭਰ ਲਏ ਨੈਣ ਗ਼ਰੀਬਾਂ। (6)
ਝੁੰਮਰ ਦੇ ਪੈਂਡੇ ਵਿਚ ਕਿਧਰੋਂ,
ਹੌਲ ਕਾਰਵਾਂ ਸੁੱਤੇ।
ਬਾਜ਼ ਝਪਟ ਪਵੇਗਾ ਖ਼ੂਨੀ,
ਪੀਂਘ ਚੜ੍ਹੀ ਕਿਸ ਰੁੱਤੇ !
ਜਰਸ ਦੀ ਗੂੰਜ ਸੁਣੀਂਦੀ ਨਭ 'ਚੋਂ,
ਨ ਅਸਵਾਰ ਨ ਡਾਚੀ;
ਜਮ ਦੀ ਪੈੜ ਦੇ ਪਿੱਛੇ ਨੱਸਣ,
ਕਿਸੇ ਵਲੀ ਦੇ ਕੁੱਤੇ। (7)
ਇਕ ਸੁੰਞੇ ਟਿੱਲੇ 'ਤੇ ਚੜ੍ਹ ਕੇ,
ਝਾਤ ਦੇਸ ਵਲ ਮਾਰਾਂ।
ਇਕ ਮਸੀਤ ਦੇ ਖੰਡਰਾਂ ਉੱਤੇ,
ਦੁਆ ਕਰਨ ਮੁਟਿਆਰਾਂ।
ਮੁੱਦਤਾਂ ਹੋਈਆਂ ਅਰਸ਼ ਦੇਖਦੇ,
ਕੌਣ ਖ਼ਾਕ ਦਾ ਬੇਲੀ;
ਖਾਰਾਂ-ਵਿੰਨ੍ਹੇ ਪੈਰ ਬ੍ਰਿਹਾ ਦੇ
ਚੁੰਮ੍ਹੇ ਨਬੀਆਂ ਯਾਰਾਂ। (8)
ਬਾਰ ਦੇਸ ਵਲ ਤੁਰਿਆ ਜਾਵਾਂ,
ਲੰਘੇ ਵਰ੍ਹੇ ਮਹੀਨੇ।
ਮਾਰੂ ਝੱਖੜਾਂ ਵਿਚ ਨੇ ਡਿੱਗੇ,
ਰਾਂਝਣ ਵੀਰ ਦੇ ਚੀਨੇ।
ਰੋਹ ਜਬਲ ਵਿਚ ਕਾਸਾ ਖਿੰਡਿਆ,
ਰੁਲਦੇ ਹੀਰ ਦੇ ਹੌਕੇ;
ਕੌਣ ਕਹੇ ਸਹਿਤੀ ਨੂੰ ਜਾ ਕੇ
“ਕਰ ਕੁਝ ਅਦਲ ਹੁਸੀਨੇ।” (9)
ਦੇਸ ਮਿਰਾ, ਪਰ ਦਿਸਦਾ ਨਹੀਉਂ,
ਭੇਦ ਨ ਦੇਵੇ ਲੋਈ।
ਥਲ ਦਰਿਆ ਪਹਾੜ ਤੋਂ ਅੱਗੇ,
ਕੈਦ ਹੋਈ ਅਰਜ਼ੋਈ।
ਰਾਤ ਫ਼ਰੇਬ ਦੀ ਦੇਸ ਮਿਰੇ ਨੂੰ,
ਹੋਤ ਦੇ ਵਾਂਗੂੰ ਲੈ ਗਏ;
ਬ੍ਰਿਹਾ ਕੂਕ ਰਿਹਾ ਰੋਹੀਆਂ ਵਿਚ,
ਅਦਲ ਕਰੇ ਨ ਕੋਈ। (10)
ਮੈਂ ਸੁਣਿਆਂ ਕਿ ਕਿਸੇ ਕਿਸੇ ਰਾਹ,
ਸਾਂਭ ਕੇ ਰੱਖੇ ਛਾਲੇ।
ਨ ਕੋਈ ਰੁੱਤ ਬ੍ਰਿਛ ਨ ਪਾਣੀ,
ਜੁਗਨੂੰ ਕਰਨ ਉਜਾਲੇ।
ਕੇਚ ਦੂਰ ਗੁਫ਼ਾ ਵਿਚ ਲਟਕੇ,
ਸਮਾਂ ਵੀ ਓਥੇ ਕੈਦੀ;
ਅੱਜ ਨਿਆਂ ਕਰਨ ਗੁਰ ਮੇਰੇ,
ਸਦਾ ਰਹਿਣ ਜੋ ਖ਼ਿਆਲੇ। (11)
ਚਾਨਣ ਗੁਰਾਂ ਦਾ ਦਿਸਦਾ ਐਪਰ
ਅਟਕਾਂ ! ਜਲਾਂ ! ਮੈਂ ਸਾਹਵੇਂ;
ਕਿਵੇਂ ਮਿਲਣ ਸੂਰਜ ਨੂੰ ਜਾ ਕੇ
ਬ੍ਰਿਹਾ ਦੇ ਪ੍ਰਛਾਵੇਂ ?
ਦੇਸ ਬਾਬਲੇ ਦਾ ਪਿਆ ਖੁਰਦਾ
ਜਿਵੇਂ ਪੱਤਣ ਦਰਿਆ ਦੇ,
ਗੁਰਾਂ ਦੇ ਬੋਲ ਮਾਰਦੇ ਛੱਲਾਂ,
ਅਦਲ ਮਿਲਣ ਕਿਸ ਥਾਵੇਂ ? (12)
“ਸਾਰੇ ਜੱਗ ਤੋਂ ਸੋਹਣੀ ਕੁੜੀਏ
ਤੂੰ ਬੇਖ਼ਬਰ ਇਕੱਲੀ।
ਸ਼ੀਂਹ ਕਹਿਰ ਦੇ ਘਾਟ 'ਤੇ ਬੈਠੇ
ਤੂੰ ਬੇਖ਼ੌਫ਼ ਹੈਂ ਖੱਲ੍ਹੀ।”
“ਦੇਸ਼ ਮਾਹੀ ਦਾ ਮੈਂ ਮਾਹੀ ਦੀ
ਕਰਨ ਕੀ ਖ਼ੂਨੀ ਲਸ਼ਕਰ ?
ਬਾਰ ਦਾ ਇਸ਼ਕ ਸੀਸ 'ਤੇ ਚਾ ਕੇ
ਮਿਲਣ ਪੀਰ ਨੂੰ ਚੱਲੀ ?'' (13)
ਕਹੇ : “ਬਿਜਲੀਆਂ ਨਾਲ ਖੇਡ ਕੇ,
ਤੰਦ ਮੈਂ ਪਾਉਂਦੀ ਝੱਲੀ।
ਹੜ੍ਹਾਂ ਦੇ ਕੱਪਰ ਚੀਰ ਕੇ ਵੇਖਾਂ,
ਮਾਂ ਦੀ ਨਜ਼ਰ ਸੁਵੱਲੀ।
ਪੈੜ ਪੁਰਾਣੀ ਵਿੱਚੋਂ ਜੇ ਤੂੰ,
ਸਿਦਕ ਪਛਾਣੇ, ਜਾਣਾ-
ਵਰਭੰਡਾਂ ਦੇ ਰਿਜ਼ਕ ਦੀ ਬੋਲੀ,
ਭੇਦ ਭਰੇ ਵਿਚ ਬੱਲੀ।” (14)
ਰਾਤ ਪਈ ਮੈਂ ਆਤਣ ਸਾਹਵੇਂ
ਖੜਾ ਜਾ ਭੁੱਖਾ ਭਾਣਾ।
ਕੁੜੀਆਂ ਹੱਸ ਪਈਆਂ ਤਕ ਮੈਨੂੰ,
ਪੁੱਛਣ “ਤੇਰਾ ਟਿਕਾਣਾ ?
ਦਸ ਅਜਨਬੀ ਬੋਲ ਤੇਰਾ ਕੋਈ,
ਇਸ ਜੂਹ ਵਿਚ ਅਮਾਨਤ ?
ਲੰਘਿਆ ਦਰ ਤੂੰ ਜਿਸ 'ਤੇ ਦਿੰਦਾ,
ਪਹਿਰਾ ਨਾਗ ਸਤਾਣਾ।” (15)
ਮੈਂ ਆਖਾਂ ਕਿ “ਨਾਗ ਨਾਲ ਸੀ,
ਡੰਗ ਹਜ਼ਾਰਾਂ ਖੱਲ੍ਹੇ ।
ਮੇਰੇ ਦਿਲ ਦੀਆਂ ਕਾਲ-ਗੁਫ਼ਾਵਾਂ
ਢੂੰਡ ਰਹੇ ਉਹ ਝੱਲੇ।
ਪਹਿਰਾ ਬਦਲ ਲੈਣ ਲਈ ਜਦ ਮੈਂ
ਵਲ ਦਰਵਾਜ਼ੇ ਹੋਇਆ;
ਮੈਨੂੰ ਪਾਰ ਲੰਘਾਵਣ ਦੇ ਲਈ
ਰਾਵੀ ਭੇਜੇ ਛੱਲੇ। (16)
ਸੁਣ ਕੇ ਰੋਇ ਹੱਸੀਆਂ ਸੱਭੇ
ਉਹ ਬਨਬਾਸੀ ਕੂੰਜਾਂ।
ਹਰ ਇਕ ਤੰਦ 'ਤੇ ਰਾਵੀ ਦਾ ਮਨ
ਗੂੰਜ ਰਿਹਾ ਵਿਚ ਮੂੰਝਾਂ।
ਖ਼ਾਬ ਦੀ ਬਹੁਤ ਮਹੀਨ ਚਾਨਣੀ
ਓਢ ਤ੍ਰਿੰਞਣ ਬੈਠੀ;
ਮੇਰੇ ਗੁਨਾਹਾਂ ਦੇ ਮਸਤਕ 'ਤੇ
ਸੁਟਦੀ ਠੰਢੀਆਂ ਬੂੰਦਾਂ। (17)
ਪਲ ਵਿਚ ਉੱਠ ਗਿਆ ਰੋ ਤ੍ਰਿੰਞਣ
ਖੋਰ ਮੋਰੀਆਂ ਵਾਟਾਂ।
ਕਰ ਸਲਾਮ ਉਡ ਗਈਆਂ ਹੂਰਾਂ
ਗੁੰਮ ਹੋਈਆਂ ਵਿਚ ਰਾਤਾਂ।
ਪੰਖੀ ਬਿਰਖ ਨਦੀ ਦੇ ਪਾਣੀ
ਜ਼ਾਮਨ ਬਣੇ ਨ ਮੇਰੇ;
ਸੁੰਞ ਵਿਚ ਤ੍ਰਿੰਞਣ ਦੇ ਹੰਝੂ
ਜਾਂ ਰਾਵੀ ਦੀਆਂ ਬਾਤਾਂ! (18)
ਅੱਧੀ ਰਾਤ ਮਸਜਿਦਾਂ ਰੋਵਣ
ਪਰੇ ਪਰੇ ਵਿਚ ਰੋਹੀਆਂ।
ਬਾਰ ਦੇਸ ਵਿਚ ਸੂਫ਼ੀ ਰੁਲਦੇ
ਢੂੰਡਣ 'ਵਾਜਾਂ ਖੋਈਆਂ।
“ਕੁਲ ਜ਼ਮੀਨ ਹੈ ਮਸਜਿਦ ਤੇਰੀ”
ਕਿਹਾ ਨਬੀ ਨੇ ਦੂਰੋਂ;
ਬਾਗ਼ ਪੁਰਾਣੇ ਸੁਣ ਇਹ ਜਿੰਦਾਂ
ਹੱਸੀਆਂ ਹੱਸ ਕੇ ਰੋਈਆਂ।(19)
ਮੈਂ ਕਿਹਾ: “ਇਹ ਹੱਸਣ ਰੋਣ 'ਚ
ਭੇਦ ਕੁਹਨ ਹੈ ਕਿਹੜਾ ?”
'ਵਾਜ ਆਈ ਹੱਸੋ ? ਕਿ ਧੁਰ ਤੋਂ
ਮਿਲਿਆ ਹੱਕ ਉਚੇਰਾ ।
ਨਬੀ ਦੇ ਬੋਲ 'ਚ ਸਿੱਕ ਜ਼ਿਮੀਂ ਦੀ
ਭਰੀ ਹੋਈ ਪਰ ਜਿੰਨੀ,
ਰੋਏ ਹਾਂ ਇਸ ਇਸ਼ਕ ਨਹੀਂ ਪਾਉਣਾ
ਵਿਚ ਨਮਾਜ਼ਾਂ ਫੇਰਾ। (20)
ਅੱਧੀ ਰਾਤ ਉਮਰ ਦੀਆਂ ਪੀੜਾਂ
ਪੀਂਦਾ ਯੋਗੀ ਵੇਖਾਂ।
ਕਹੇ : “ਕਵਨ ਕੁੰਟ ਮੈਂ ਜਾਵਾਂ
ਕਵਨ ਦੇਸ ਦੇ ਭੇਖਾਂ।
ਰਿੱਧਾਂ ਸਿੱਧਾਂ ਰੁਸ ਗਈਆਂ ਨੇ
ਸੜ ਜਾਵਾਂ ਜਦ ਉੱਡਾਂ;
ਧਰਤ ਨੂੰ ਕਦੇ ਨਜ਼ਰ ਨ ਆਵਣ
ਅਜਬ ਯੋਗ ਦੀਆਂ ਰੇਖਾਂ। (21)
ਮੈਂ ਕਿਹਾ : ਸੁਣ ਜੋਗੀ ਰਾਹ ਦੇ
ਡੁੱਬੇ ਤੇਰੇ ਖ਼ਜ਼ਾਨੇ।
ਨ ਰੋ ਧਨੀ ਸਿੱਧੀਆਂ ਦੇ ਤੂੰ
ਸਾੜ ਖੰਭ ਅਸਮਾਨੇ।
ਫ਼ਜਰ ਦੇ ਆਸਨ ਬੈਠ ਕੇ ਭਰ ਲੈ
ਝਿੰਮ ਝਿੰਮ ਕਰਦਾ ਕਾਸਾ,
ਚਿੜੀ ਚੂਕਦੀ ਸਾਂਭ ਕੇ ਰੱਖੇ
ਰਾਹੀਆਂ ਦੇ ਨਜ਼ਰਾਨੇ।” (22)
ਸਿੱਧ ਬਗਾਈ ਦੇ ਟਿੱਲੇ ਤੋਂ
ਝਾਤ ਬਾਰ ਵਲ ਮਾਰਾਂ।
ਕਿਸੇ ਖਲਾ ਦੀ ਸੁੰਨ ਜ਼ਹਿਰ ਵਿਚ
ਸਾਂ ਸਾਂ ਕਰਦੀਆਂ ਹਾਰਾਂ।
ਸੁੱਕੇ ਬੋਹੜ ਦੀ ਟੀਸੀ ਬੈਠੀ
ਗਿਰਝ ਵੇਖ ਰਹੀ ਮੈਨੂੰ,
ਨਾਨਕ ਦੇ ਪੰਜੇ 'ਤੇ ਲਿਸ਼ਕਣ
ਮੈਂਡੀਆਂ ਮਿੱਠੀਆਂ ਬਾਰਾਂ । (23)
ਸਿੱਧ ਬਗਾਈ ਦੇ ਟਿੱਲੇ ਤੋਂ
ਤਪ ਤਪ ਲਹਿੰਦੀਆਂ ਲੋਆਂ।
ਯੋਗ ਅਨੰਤ ਨਾਥ ਦਾ ਸੁੰਨਾ
ਜਾਗੇ ਸਿਦਕ ਨ, ਰੋਆਂ।
ਜਿਹਲਮ ਦੀਆਂ ਲਹਿਰਾਂ ਦੇ ਨੇੜੇ
ਇਕ ਅਜਨਬੀ ਕਾਸਾ;
ਕਿਹੜੀ ਖੈਰ ਪਾਉਣ ਵਿਚ ਪਾਣੀ
ਕੋਈ ਨ ਦੇਂਦਾ ਸੋਆਂ ! (24)
ਬਾਲ ਨਾਥ ਦੇ ਟਿਲਿਉਂ ਦੇਖਾਂ
ਖ਼ਾਲੀ ਬੇਲੇ ਬੰਨੇ।
ਸੁੱਕ ਗਏ ਚਿਰਾਂ ਦੇ ਲਾਏ
ਬਾਗ਼ ਜੋ ਹੰਨੇ ਹੰਨੇ।
ਉਸ ਜੂਹ ਦੇ ਅਸਵਾਰ ਨੇ ਸੁੱਤੇ
ਬ੍ਰਿਹੁੰ-ਕੰਦੀਲ ਬੁਝਾ ਕੇ
ਜਿਹੜੀ ਜੂਹ ਦਾ ਅੱਥਰੂ ਲੋਚਣ
ਨੈਣ ਮਾਵਾਂ ਦੇ ਅੰਨ੍ਹੇ। (25)
ਤੋੜ ਨਾਗ ਦੇ ਪਹਿਰੇ ਖ਼ੂਨੀ
ਸੁੱਕੇ ਬਾਗ਼ ਨੂੰ ਜਾਵਾਂ।
ਰਾਵੀ ਦੇ ਅੱਥਰੂ ਦਾ ਪਾਣੀ
ਬਾਗ਼ ਮੰਗਣ ਤਾਂ ਪਾਵਾਂ।
ਡੰਗ ਕਢਾ ਅੱਪਣੇ 'ਚੋਂ ਜਿਸ ਨੇ
ਡੱਸੇ ਮੇਰੇ ਵੱਡੇਰੇ,
ਸ਼ੀਂਹ ਬਾਜ਼ ਅਸਵਾਰ ਨੂੰ ਓਵੇਂ
ਰੋਇ ਰੋਇ ਗਲ ਲਾਵਾਂ। (26)