ਨੂਰਾਂ ਉਸ ਦਾ ਨਾਂ

ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ

ਬਾਲ ਕੇ ਦੀਵਾ ਮੁੜ ਜਾਇਆ ਕਰੇ

ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ,

ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ

ਆਖਦੇ ਨੇ ਵਿਚ ਜਵਾਨੀ ਗਿਰਝ ਉਹ,

ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ

ਕੱਟਦੀ ਇਕ ਰਾਤ ਉਹ ਜਿਸ ਆਲ੍ਹਣੇ,

ਉਮਰ ਭਰ ਪੰਛੀ ਉਹ ਕੁਰਲਾਇਆ ਕਰੇ

ਭੂਰੇ ਭੂਰੇ ਕੇਸ ਤੇ ਮੁਖੜੇ ਦਾ ਤਿਲ,

ਸਾਰੀ ਬਸਤੀ ਵੇਖ ਲਲਚਾਇਆ ਕਰੇ

ਬਦਲ ਜਾਂਦਾ ਰੁਖ ਹਵਾਵਾਂ ਦਾ ਤਦੋਂ,

ਹੇਕ ਲੰਮੀ ਲਾ ਕੇ ਜਦ ਗਾਇਆ ਕਰੇ

ਸੜ ਕੇ ਰਹਿ ਜਾਇਆ ਕਰੇ ਦੰਦਾਸੜਾ,

ਨਾਲ ਹੋਠਾਂ ਦੇ ਜਦੋਂ ਲਾਇਆ ਕਰੇ

ਧੁਖਣ ਲੱਗ ਜਾਇਆ ਕਰਨ ਕਲੀਆਂ ਦੇ ਦਿਲ,

ਸ਼ਰਬਤੀ ਜਦ ਨੈਣ ਮਟਕਾਇਆ ਕਰੇ

ਆਖਦੇ ਨੇ ਨੌਜਵਾਂ ਇਕ ਮਨਚਲਾ,

ਪਿਆਰ ਪਾ ਕੇ ਦੇ ਗਿਆ ਉਸ ਨੂੰ ਦਗ਼ਾ

ਜੋਕ ਬਣ ਕੇ ਪੀ ਗਿਆ ਉਸ ਦਾ ਲਹੂ,

ਚੂਪ ਲੀਤਾ ਮਰਮਰੀ ਅੰਗਾਂ 'ਚੋਂ ਤਾ

ਜ਼ਖ਼ਮੀ ਕਰਕੇ ਸੁੱਟ ਗਿਆ ਨੈਣਾਂ ਦੀ ਨੀਂਦ,

ਡੋਲ੍ਹ ਕੇ ਕਿਤੇ ਟੁਰ ਗਿਆ ਘੋਲੀ ਹਿਨਾ

ਚਾਰਦੀ ਸੀ ਰੋਜ਼ ਜਿਸ ਨੂੰ ਦਿਲ ਦਾ ਮਾਸ,

ਸ਼ਿਕਰਾ ਬਣ ਕੇ ਉੱਡ ਗਿਆ ਸੀ ਉਹ ਹੁਮਾ

ਯਾਦ ਜਾਂਦੀ ਜਦੋਂ ਉਸ ਦੀ ਨੁਹਾਰ,

ਆਦਰਾਂ ਵਿਚ ਰੜਕਦਾ ਉਹਦੇ ਸਰਕੜਾ

ਸੋਚਦੀ ਕਿ ਬੇ-ਵਫ਼ਾ ਹੈ ਆਦਮੀ,

ਬੇ-ਵਫ਼ਾਈ ਹੀ ਤਾਂ ਹੈ ਉਸ ਦਾ ਸ਼ਿਵਾ

ਬਣ ਕੇ ਰਹਿਣਾ ਸੀ ਜੇ ਆਦਮ ਦਾ ਗ਼ੁਲਾਮ,

ਜਨਮ ਕਿਉਂ ਲੀਤਾ ਸੀ ਤਾਂ ਮਾਈ ਹੱਵਾ

ਠੀਕ ਹੈ ਹਰ ਚੀਜ਼ ਜਦ ਹੈ ਬੇ-ਵਫ਼ਾ,

ਉਸ ਦਾ ਹੱਕ ਸੀ ਉਹ ਵੀ ਹੋ ਜਾਏ ਬੇ-ਵਫ਼ਾ

ਦੇ ਕੇ ਹੋਕਾ ਵੇਚਦੀ ਸਸਤੇ ਉਹ ਸਾਹ,

ਫਜ਼ਰ ਦਾ ਤਾਰਾ ਹੈ ਅੱਜ ਤੀਕਣ ਗਵਾਹ

ਜਿਸਮ ਉਹਦਾ ਬਰਫ਼ ਨਾਲੋਂ ਵੀ ਸਫ਼ੈਦ,

ਲੇਖ ਉਹਦੇ ਰਾਤ ਨਾਲੋਂ ਵੀ ਸਿਆਹ

ਨਿੱਤ ਨਵਾਂ ਪੱਤਣ ਤੇ ਨਵੀਆਂ ਬੇੜੀਆਂ,

ਨਿੱਤ ਨਵੇਂ ਉਹਦੇ ਬਾਦਬਾਂ ਉਹਦੇ ਮਲਾਹ

ਰਾਤ ਹਰ ਲੱਭਦੀ ਨਵਾਂ ਤਾਰਾ ਕੋਈ,

ਹਰ ਸੁਬ੍ਹਾ ਲੱਭਦੀ ਨਵੀਂ ਮੰਜ਼ਿਲ ਦੀ ਰਾਹ

ਪੀਂਦੀ ਮੋਮੀ ਸੀਨਿਆਂ ਦੀ ਨਿੱਤ ਤ੍ਰੇਲ,

ਚੱਟਦੀ ਹੋਠਾਂ ਤੋਂ ਉਹ ਹਵਸਾਂ ਦੀ ਸਵਾਹ

ਬਣ ਨਾ ਸਕੀ ਕੁਰਬਲਾ ਸੀਨੇ ਦੀ ਪੀੜ,

ਹੋ ਨਾ ਸਕੀ ਫੇਰ ਵੀ ਬੰਜਰ ਨਿਗਾਹ

ਹੌਕਿਆਂ ਦੀ ਉਹਦੇ ਘਰ ਆਈ ਬਰਾਤ,

ਹੰਝੂਆਂ ਸੰਗ ਹੋ ਗਿਆ ਉਸ ਦਾ ਨਿਕਾਹ

ਬਹਿ ਇਕੱਲੀ ਕੱਤਦੀ ਹਿਜਰਾਂ ਦੇ ਸੂਤ,

ਗਾਂਹਦੀ ਰਹਿੰਦੀ ਰਾਤ ਦਿਨ ਯਾਦਾਂ ਦੇ ਗਾਹ

ਸੱਦਿਆ ਉਸ ਨਾਮਵਰ ਇਕ ਚਿਤ੍ਰਕਾਰ,

ਯਾਰੜੇ ਦੀ ਓਸ ਨੂੰ ਦੱਸੀ ਨੁਹਾਰ

ਚਿਤ੍ਰ ਦੋ ਇਕ ਆਪਣਾ ਇਕ ਯਾਰ ਦਾ,

ਖ਼ੂਨ ਆਪਣੇ ਨਾਲ ਕਰਵਾਏ ਤਿਆਰ

ਕਬਰ ਪੁੱਟ ਕੇ ਚਿਤ੍ਰ ਦਫ਼ਨਾਏ ਗਏ,

ਨਾਲ ਦਫ਼ਨਾਏ ਗਏ ਹੰਝੂਆਂ ਦੇ ਹਾਰ

ਕਬਰ ਨੇੜੇ ਖੂਹ ਵੀ ਖੁਦਵਾਇਆ ਗਿਆ,

ਚਾਂਦੀ ਦੀ ਅੱਜ ਤੀਕ ਹੈ ਉਸ ਦੀ ਨਿਸਾਰ

ਆਖਦੇ ਨੇ ਅੱਜ ਵੀ ਕੋਹ-ਕਾਫ਼ ਤੋਂ,

ਨ੍ਹਾਉਣ ਆਵੇ ਰੋਜ਼ ਇਕ ਪਰੀਆਂ ਦੀ ਡਾਰ

ਬਾਲਦੀ ਉਸ ਕਬਰ ਤੇ ਉਹ ਨਿੱਤ ਦੀਆ,

ਰੋਂਦੀ ਰਹਿੰਦੀ ਰਾਤ ਦਿਨ ਜ਼ੁਲਫ਼ਾਂ ਖਿਲਾਰ

ਓਸੇ ਰਾਹ ਜੋ ਵੀ ਰਾਹੀ ਲੰਘਦਾ,

ਝੱਲੀਆਂ ਵੱਤ ਪੁੱਛਦੀ ਉਸ ਨੂੰ ਖਲ੍ਹਾਰ

ਡਿੱਠਾ ਜੇ ਕਿਤੇ ਮੇਰਾ ਬੋਦਿਆਂ ਵਾਲੜਾ,

ਨੀਲੇ ਨੈਣਾਂ ਵਾਲੜਾ ਕਿਤੇ ਉਹਦਾ ਯਾਰ ?

ਆਖਦੇ ਨੇ ਸਾਲ ਕਈ ਹੁੰਦੇ ਚਲੇ

ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ

ਜਦ ਕਦੇ ਵੀ ਤੇਜ਼ ਵਗਦੀ ਹੈ ਹਵਾ,

ਵਿਚ ਹਵਾਵਾਂ ਮਹਿਕ ਜਿਹੀ ਇਕ ਰਲੇ

ਹਿਚਕੀਆਂ ਦੀ ਅੱਜ ਵੀ ਆਵੇ ਆਵਾਜ਼,

ਕਬਰ ਨੇੜੇ ਜੋ ਕੋਈ ਆਸ਼ਕ ਖਲੇ

ਹਰ ਅਮਾਵਸ ਦੀ ਹਨੇਰੀ ਰਾਤ ਨੂੰ,

ਕੇ ਓਥੇ ਬੈਠਦੇ ਨੇ ਦਿਲ-ਜਲੇ

ਲੈ ਕੇ ਉਸ ਦੀਵੇ 'ਚੋਂ ਬੂੰਦ ਇਕ ਤੇਲ ਦੀ,

ਯਾਰ ਦੇ ਹੋਠਾਂ 'ਤੇ ਹਰ ਕੋਈ ਮਲੇ

ਰੋਂਦੇ ਲਾ ਕੇ ਢਾਸਣਾ ਉਸ ਕਬਰ ਨਾਲ,

ਹਿਜਰ ਦੀ ਲੂਣੀਂ ਜਿਨ੍ਹਾਂ ਦੇ ਹੱਡ ਗਲੇ

ਦੂਰ ਉਸ ਵਾਦੀ 'ਚ ਔਹ ਟਿੱਬਿਆਂ ਤੋਂ ਪਾਰ,

ਨਾਲ ਮੇਰੇ ਜੇ ਕੋਈ ਅੱਜ ਵੀ ਚਲੇ

ਲੁੜਛੇ ਪਈ ਅੱਜ ਤੀਕ ਵੀ ਨੂਰਾਂ ਦੀ ਰੂਹ,

ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ

📝 ਸੋਧ ਲਈ ਭੇਜੋ