ਬੈੱਡ ਉੱਚਾ ਕਰੋ

ਨੀਵਾਂ ਕਰੋ

ਬਿਠਾ ਦਿਓ ਸੁਆ ਦਿਓ

ਮੈਨੂੰ ਯੁਰਿਨ ਆਇਆ

ਸਟੂਲ ਪਾਸ ਕਰਾਓ

ਮੇਰਾ ਗਲ਼ ਸੁੱਕ ਰਿਹਾ ਪਾਣੀ ਦਿਓ

ਚਾਹ ਠੰਡੀ ਹੈ ਮੈਂ ਨਹੀਂ ਪੀਣੀ

ਆਹ ਕਰੋ ਔਹ ਕਰੋ

ਮੈਨੂੰ ਘਰ ਜਾਣ ਦਿਓ

ਕਿੰਨੇ ਸੁਆਲ ਬੱਚਿਆਂ ਵਾਂਗ ਕਰਦੇ ਹਾਂ ਅਸੀਂ

ਹਸਪਤਾਲ ਦੇ ਵਾਰਡ ‘ਚ

ਗੱਲ ਗੱਲ ਤੇ ਚੀਕਦੇ ਕ੍ਰਾਹੁੰਦੇ

ਆਪਣੀ ਜ਼ਿੰਦਗੀ ਦੇ ਬੀਤੇ ਨੂੰ

ਉਜਾਗਰ ਕਰਦੇ

ਆਪਣੀ ਹਉਂ ਨੂੰ ਪੱਠੇ ਪਾਉਂਦੇ…

ਤੇ ਨਰਸ ਕਿੰਨੇ ਸਹਿਜ ਨਾਲ

ਹੱਲ ਕਰਦੀ ਹੈ ਸਭ

ਨਾ ਚਿਹਰੇ ਤੇ ਕੋਈ ਸ਼ਿਕਨ

ਨਾ ਹੱਥਾਂ ‘ਚ ਕੋਈ ਝਿਜਕ

ਨਾ ਦੇਰੀ ਕਿਸੇ ਕੰਮ ‘ਚ

ਤੇ ਇਸ ਤੋਂ ਇਲਾਵਾ

ਉਹ ਵੀ ਹੱਲ ਕਰਦੀ

ਜੋ ਨਾ ਜਾਣਦੇ ਅਸੀਂ

ਕਦੇ ਬੀ.ਪੀ. ਚੈਕਅੱਪ

ਕਦੇ ਈ.ਸੀ.ਜੀ.

ਕਦੇ ਦਵਾਈ

ਕਦੇ ਟੀਕੇ

ਜਗਾਉਣਾ ਧੁਆਉਣਾ

ਖਾਣਾ ਖਿਲਾਉਣਾ

ਚਮਚੇ ਮੂੰਹੀਂ ਪਾਉਣਾ

ਸਾਡੇ ਤਨ ਮਨ ਦੀ ਹਰ ਹਰਕਤ ਮੁਤਾਬਕ

ਢੁੱਕਦਾ ਇੰਤਜ਼ਾਮ ਕਰਨਾ

ਏਨਾ ਕੁਝ ਤਾਂ

ਮਾਂ ਵੀ ਨਹੀਂ ਕਰਦੀ ਹਰ ਵੇਲੇ…

ਇਹ ਮਾਵਾਂ ਧੰਨ ਨੇ

ਅੱਧਖੜ ਬੁੱਢਿਆਂ ਦੇ

ਬੱਚਿਆਂ ਵਾਂਗ ਕੀਤੇ

ਸਭ ਸੁਆਲਾਂ-ਜ਼ਿਦਾਂ ਦੇ

ਹੱਲ ਕੱਢਦੀਆਂ ਨੇ

ਬਿਨਾਂ ਲੋਰੀ ਦਿੱਤਿਆਂ ਹੀ…

ਇਹ ਨਰਸਾਂ ਮਾਵਾਂ

ਰਿਸ਼ਤਿਆਂ, ਜਾਤਾਂ, ਪਰਿਵਾਰਾਂ

ਦੇਸ਼ਾਂ-ਕੌਮਾਂ ਤੋਂ ਪਾਰ

ਸਭ ਸਾਂਭਦੀਆਂ

ਇਹ ਗਲੋਬਲ ਮਾਵਾਂ…

📝 ਸੋਧ ਲਈ ਭੇਜੋ