ਮੈਂ ਬਜ਼ਾਰਾਂ ਵਿੱਚ ਰੁਲਦਾ
ਜੰਗਲ ਦਾ ਬਾਂਸ ਹਾਂ
ਤੂੰ ਮੈਨੂੰ ਬੰਸਰੀ ਬਣਾ ਦੇ
ਮੇਰੀ ਬੰਜਰ ਹੋਂਦ ਵਿੱਚ
ਸੁਰ ਉਗਾ ਦੇ
ਇੱਕ ਵਾਰੀ
ਤੂੰ ਮੈਨੂੰ ਹੱਥ ਲਾ ਦੇ
ਮੈਨੂੰ ਬਾਂਸ ਨੂੰ
ਤੂੰ ਬੰਸਰੀ ਬਣਾ ਦੇ
ਮੇਰੇ ਸੱਤੇ ਛੇਕ
ਬੱਸ ਖਾਲੀ ਸੁਰਾਖ ਹਨ ਜਿਵੇਂ
ਇਨ੍ਹਾਂ ਚੋਂ ਸੁਰ ਨਹੀਂ ਨਿਕਲਦੀ
ਜਿਵੇਂ ਕੋਈ ਕੁੱਖ
ਬਾਂਝ ਹੁੰਦੀ ਹੈ
ਜਿਵੇਂ ਸੰਖ ਕੋਈ ਵੱਜਦਾ ਨਹੀਂ ਹੈ
ਮੈਂ ਸਭ ਕੋਲ ਜਾ ਆਇਆ ਹਾਂ
ਆਤਮਾ ਦੇ ਰੇਗਿਸਤਾਨ ਵਿੱਚ
ਭਟਕ ਰਿਹਾ ਹਾਂ
ਇਸ ਪਿਆਸੇ ਨੂੰ
ਕੋਈ ਖੂਹ ਨਜ਼ਰ ਆਇਆ ਹੈ
ਮੈਨੂੰ ਹੁਣ ਤ੍ਰਿਪਤ ਕਰਦੇ
ਮਨ ਦੀਆਂ ਸਭ ਦਿਸ਼ਾਵਾਂ ਵਿੱਚ
ਮੈਂ ਉਦਾਸੀਆਂ ਕੀਤੀਆਂ ਨੇ
ਡਰਾਉਣੇ ਜੰਗਲਾਂ
ਰਾਤਾਂ
ਠੰਡੀਆਂ ਚੋਟੀਆਂ
ਕੰਦਰਾਂ
ਤੇ ਭੂਲ ਭਲਈਆਂ ਵਿੱਚ
ਭਟਕ ਆਇਆ ਹਾਂ
ਤੂੰ ਮੈਨੂੰ ਹੁਣ ਹੱਥ ਲਾ ਦੇ
ਤੇ ਸ਼ਾਂਤ ਕਰਦੇ
ਦੁਨੀਆ ਨੂੰ ਮੈਂ
ਉਸ ਤਰਾਂ ਵੀ ਦੇਖਿਆ ਹੈ
ਜਿਵੇਂ ਮਰ ਗਿਆ ਕੋਈ
ਅਸਮਾਨ ਤੋਂ ਆਪਣਾ
ਪਰਿਵਾਰ ਦੇਖਦਾ ਹੈ
ਮੁਹੱਬਤ ਦੀ ਇੱਕ ਨਦੀ ਦੇਖੀ
ਸਾਰਾ ਡੁੱਬਕੇ
ਜਿਵੇਂ ਕੋਈ ਜਲ- ਟੁੱਭੀ ਲਾਉਂਦਾ ਹੈ
ਤਲ ਨਾਲ ਟਕਰਾ ਕੇ
ਵਾਪਸ ਆ ਗਿਆ ਹਾਂ
ਕਿਨਾਰੇ ਤੇ ਬੈਠਾ ਮੈਂ ਹੁਣ
ਕਦੇ ਨਦੀ ਨੂੰ ਦੇਖਦਾਂ
ਕਦੇ ਆਪਣੇ ਆਪ ਨੂੰ
ਕਦੇ ਮਛੇਰਿਆਂ ਨੂੰ
ਇਨਸਾਨੀ ਮੁਹੱਬਤ
ਇੱਕ ਬੇਸੁਆਦੀ ਚਿੰਗਮ ਹੈ
ਗਿਆਨ
ਅੰਤ ਹੀਣ ਤੈਹਾਂ ਵਾਲਾ
ਕੋਈ ਫਲ ਹੈ
ਜਿਸ ਨੂੰ ਖੋਲ੍ਹਦਿਆਂ ਖੋਲ੍ਹਦਿਆਂ
ਤੁਸੀਂ ਸ਼ੂਨਯ ਤੇ ਪਹੁੰਚ ਜਾਂਦੇ ਹੋ
ਜਿਵੇਂ ਪਹਾੜੀਆਂ ਉਲੰਘਕੇ ਕੋਈ ਯਾਤਰੀ
ਖਾਲੀ ਥਾਂ ਤੇ ਪਹੁੰਚ ਜਾਵੇ
ਜੀਵਨ ਜੇ ਨੇਕੀ ਦੀ ਪੌੜੀ ਹੈ
ਤਾਂ ਬੰਦੇ ਕੋਲ ਸਿਰਫ ਦੋ ਕਦਮ ਹਨ
ਇੱਕ ਗਲਤ, ਇੱਕ ਠੀਕ
ਮੈਂ ਇੱਕ ਕਦਮ ਨਾਲ
ਇਸ ਨੂੰ ਚੜ੍ਹਨ ਦੀ ਕੋਸ਼ਿਸ ਕੀਤੀ
ਜਿਵੇਂ ਯੋਗੀ ਕੋਈ
ਇੱਕ ਪੈਰ ਤੇ ਖਲੋਕੇ ਤਪੱਸਿਆ ਕਰਦਾ ਹੈ
ਵਾਰ ਵਾਰ ਡਿਗਦਾ ਰਿਹਾ
ਤੇਰੇ ਚਰਨਾਂ ਦੇ ਐਨ ਥੱਲੇ
ਮੈਂ ਡਿਗਿਆ ਪਿਆ ਹਾਂ
ਤੂੰ ਮੈਨੂੰ ਉਠਾ ਲੈ
ਧਿਆਨ ਦੀ ਹਰ ਕੋਸ਼ਿਸ ਦੇ ਬਾਵਜੂਦ
ਮੈਂ ਬੇਧਿਆਨਾ ਹਾਂ
ਚੁੱਪ ਤੇ ਬੰਦ ਅੱਖਾਂ ਪਿੱਛੇ
ਮਨ ਸਮੁੰਦਰੀ ਤੁਫਾਨ ਦੀ ਤਰਾਂ
ਬਿਹਬਲ ਹੈ
ਤੂੰ ਇਸ ਨੂੰ ਸਾਂਭ
ਮਨ ਦੀ ਇੱਕ ਦਿਸ਼ਾ ਵਿੱਚ
ਸਿਰਫ ਚਟਾਨੀ ਵਾਦੀਆਂ ਹਨ
ਨਾ ਕੋਈ ਜੀਵ
ਨਾ ਬਨਸਪਤੀ
ਸਿਰਫ ਖੁਸ਼ਕ ਹਵਾਵਾਂ ਦੇ
ਸਰਕਣ ਦੀ ਅਵਾਜ਼ ਆਉਂਦੀ ਹੈ
ਇਸ ਵਿੱਚ
ਗਿਆਨ, ਮਹੱਬਤ ਤੇ ਨੈਤਿਕਤਾ ਦੀਆਂ
ਸਭ ਨਦੀਆਂ ਸੁੱਕ ਜਾਂਦੀਆਂ ਹਨ
ਮੇਰੇ ਮੂੰਹ ਵਿੱਚ ਮੁਹੱਬਤ ਦੀ ਚਿੰਗਮ ਹੈ
ਅੱਖਾਂ ਵਿੱਚ ਅਰਥਾਂ ਦਾ ਸ਼ੂਨਯਪਣ
ਇੱਕ ਕਦਮ ਤੇ ਖਲੋਣ ਦੀ ਕੋਸ਼ਿਸ਼ ਵਿੱਚ
ਮੈਂ ਡਿਗ ਪਿਆ ਹਾਂ
ਮੁੜ ਆਇਆ ਹਾਂ ਸਭ ਉਦਾਸੀਆਂ ਤੋਂ
ਮਨ ਦੇ ਰੇਗਿਸਤਾਨ ਵਿਚ ਭਟਕਦਾ
ਮੈਂ ਨਿਹੱਥਾ ਯਾਤਰੀ
ਮੇਰੇ ਕੋਲ ਕੁੱਝ ਵੀ ਨਹੀਂ ਹੈ
ਸਿਵਾ ਧਾਰਨਾਵਾਂ ਦੀਆਂ ਕੁੱਝ ਫੌੜੀਆਂ ਦੇ
ਇਹ ਫੌੜੀਆਂ ਵੀ ਮੈਂ
ਤੇਰੇ ਕਦਮਾਂ ਵਿੱਚ ਰੱਖ ਰਿਹਾ ਹਾਂ
ਤੂੰ ਮੇਰਾ ਹੱਥ ਪਕੜ ਲੈ
ਇਨਸਾਨ ਦੇ ਅੰਦਰ
ਉਤੇਜਨਾ ਦੇ ਕੁੱਝ ਫੋੜੇ ਹਨ-
ਮੁਹੱਬਤ
ਗਿਆਨ
ਨੈਤਿਕਤਾ
ਉਤੇਜਨਾ ਦੇ ਇਹ ਸਭ ਫੋੜੇ
ਹੁਣ ਫੁਟ ਚੁੱਕੇ ਹਨ
ਤੂੰ ਮੈਨੂੰ ਧੋ ਦੇ
ਧੁਰ ਅੰਦਰ ਤੱਕ
ਤੂੰ ਮੈਨੂੰ ਜਗਾ ਦੇ
ਜਿਵੇਂ ਕ੍ਰਿਸ਼ਨ ਦੇ ਹੱਥਾਂ ਵਿੱਚ
ਬੰਸਰੀ ਜਗਦੀ ਸੀ
ਮੇਰੇ ਛੇਦਾਂ ਨੂੰ
ਤੂੰ ਸੁਰ ਬਣਾ ਦੇ ਹੁਣ