ਬਹਿ ਜਾਓ ਯਾਰੋ ਬਹਿ ਜਾਓ
ਕੋਈ ਗੱਲ ਕਰੋ ਕੋਈ ਬਾਤ ਪਾਓ
ਇੰਜ ਕਠਿਆਂ ਬਹਿ ਕੇ ਜਿਹੜਾ ਵੀ
ਝਟ ਲੰਘ ਜਾਏ ਓਹ ਚੰਗਾ ਏ।
ਬਾਹਰ ਵੀ ਕੀ ਹੈ ਸੜਕਾਂ 'ਤੇ
ਸਭ ਅਪਣੇ ਕੋਹਲੂ ਗੇੜੇ ਵਿਚ
ਲੋਕੀਂ ਪਏ ਚੱਕਰ ਕੱਟਦੇ ਨੇ।
ਸੂਹ ਲੈਂਦੇ ਪੈੜਾਂ ਕੱਢਦੇ ਗ਼ਮ
ਵਾਹਰਾਂ ਲਈ ਭਾਉਂਦੇ ਫਿਰਦੇ ਨੇ
ਬਹਿ ਜਾਓ ਯਾਰੋ ਬਹਿ ਜਾਓ
ਜਾ ਕੇ ਕੀ ਗੱਡਾ ਪਟਣਾ ਏਂ।
ਕੁਝ ਆਖ ਸਜਣ ਕੁਝ ਬੋਲ ਕਵੀ
ਕੋਈ ਆਪਣੀ ਤਾਜ਼ੀ ਗ਼ਜ਼ਲ ਸੁਣਾ
ਫਿਰ ਯਾਰ ਦਾ ਗ਼ਮ,
ਸੰਸਾਰ ਦਾ ਗ਼ਮ,
ਹਰ ਗੱਲ ਵਿਚ ਇਕੋ ਨੁਕਤਾ ਏ
ਗੱਲ ਮੁੜ ਘੁੜ ਓਥੇ ਆਉਂਦੀ ਏ
ਕੋਈ ਨਹੀਂ ਐਸੀ ਤਦਬੀਰ ਭਲਾ
ਕੋਈ ਕਾਰ ਉਦਾਲੇ ਕਰ ਦੇਵੇ
ਕੋਈ ਭੂਤ ਪਰੇਤ ਕਿਸੇ ਗ਼ਮ ਦਾ
ਦਿਲ ਦੇ ਨੇੜੇ ਨਾ ਢੁੱਕ ਸਕੇ।
ਸਿਗਰਟ ਸੁਲਗਾਣੀ ਵੱਸ ਅਪਣੇ
ਸਿਰ ਘੁਟ ਦੇਵੋ ਤਾਂ ਬੁਝ ਜਾਂਦੀ
ਦਿਲ ਇੰਜ ਸੁਲਗਦੇ ਬੁਝਦੇ ਨਹੀਂ
ਕੋਈ ਐਸੀ ਛੇੜੋ ਗੱਲ ਯਾਰੋ
ਧਰਤੀ ਦੇ ਕਿਸੇ ਵੀ ਬੰਦੇ ਸੰਗ
ਜਿਸ ਦਾ ਕੋਈ ਤੱਲਕ ਨਾ ਹੋਵੇ
ਕਾਫ਼ੀ ਤਾਂ ਮੇਜ਼ ਤੇ ਪਈ ਪਈ
ਦੋ ਪਲ ਵਿਚ ਠੰਢੀ ਹੋ ਜਾਂਦੀ
ਜ਼ਿੰਦਗਾਨੀ ਈਕਣ ਤਪਦੀ ਏ
ਕੰਬਖ਼ਤ ਰਤਾ ਵੀ ਠਰਦੀ ਨਹੀਂ
ਜਦ ਤਕ ਨਹੀਂ ਲਾਂਬੂ ਲਗ ਜਾਂਦਾ
ਨਹੀਂ ਵਸਦੀਆਂ ਕੂਕਾਂ ਕਾਲ ਦੀਆਂ,
ਇਹ ਬੜੀਆਂ ਕੌੜੀਆਂ ਗੱਲਾਂ ਨੇ
ਕੋਈ ਹੋਰ ਸੁਵਾਦ ਦੀ ਗੱਲ ਕਰੋ।
ਜਾਂ ਮੁੰਡਿਆ ਸਿਗਰਟ ਹੋਰ ਲਿਆ
ਬੈਠਾ
ਓ ਬੈਰਾ
ਇਕ ਹੋਰ ਲਿਆ ਸੈਟ ਕਾਫ਼ੀ ਦਾ
ਬਹਿ ਜਾਓ ਯਾਰੋ ਬਹਿ ਜਾਓ