ਓੜਕ ਕਦ ਤੱਕ ਪੱਬਾਂ ਭਾਰ ਖਲੋਵੇਂਗਾ ।
ਇਕ ਦਿਨ ਥੱਕ ਕੇ ਧਾਹਾਂ ਮਾਰ ਕੇ ਰੋਵੇਂਗਾ ।
ਐਵੇਂ ਸੱਧਰਾਂ ਪਾਲੀ ਜਾਵੇਂ ਸੋਚ ਤੇ ਸਹੀ,
ਆਪਣੀਆਂ ਲਾਸ਼ਾਂ ਕੱਲਾ ਕੀਵੇਂ ਢੋਵੇਂਗਾ ।
ਮੇਰੇ ਨਾਲ ਜੇ ਟੁਰਿਆ ਏਂ ਤੇ ਚੇਤੇ ਰੱਖ,
ਆਪਣਾ ਹੱਕ ਤੂੰ ਮੰਗੇਂਗਾ ਨਹੀਂ ਖੋਹਵੇਂਗਾ ।
ਅੱਜ ਮੈਂ ਝੂਠ ਹਾਂ ਜਿਸ ਦਿਨ ਮੇਰਾ ਸੱਚ ਖੁੱਲ੍ਹਾ,
ਪਛਤਾਵੇਂਗਾ ਆਪਣੇ ਆਪ ਨੂੰ ਕੋਹਵੇਂਗਾ ।
'ਆਤਿਫ਼' ਦਿਲ ਦੀ ਧੜਕਨ ਮੈਨੂੰ ਦੱਸਦੀ ਏ,
ਬੂਹੇ ਦੇ ਵਿਚ ਕਿੰਜ ਉਡੀਕਦਾ ਹੋਵੇਂਗਾ ।