ਓੜਕ ਉਹੋ ਲੋਕੀ ਖਾਂਦੇ

ਓੜਕ ਉਹੋ ਲੋਕੀ ਖਾਂਦੇ ਮੇਵੇ ਤਾਜ਼ਾ ਤਾਜ਼ਾ ।

ਆਵਣ ਵਾਲੀ ਰੁੱਤ ਦਾ ਜਿਹੜੇ ਲਾ ਲੈਂਦੇ ਅੰਦਾਜ਼ਾ ।

ਝੱਖੜ ਝੁੱਲਿਆਂ ਤੇ ਨਹੀਂ ਤੱਕਣੇ ਉਹਨੇ ਕੱਚੇ-ਪੱਕੇ,

ਸਾਰੀ ਬਸਤੀ ਭੁਗਤੇਗੀ ਫਿਰ ਜੁਰਮਾਂ ਦਾ ਖ਼ੁਮਿਆਜ਼ਾ ।

ਅੱਜ ਅਸੀਂ ਨਾ ਪਾਣੀ ਕੋਲੋਂ ਪਾਣੀ ਪਾਣੀ ਹੁੰਦੇ,

ਪਾਣੀ ਦੀ ਗਹਿਰਾਈ ਦਾ ਜੇ ਲਾ ਲੈਂਦੇ ਅੰਦਾਜ਼ਾ ।

ਕੁੰਡਾ ਵੱਜਾ ਦੇਖ ਕੇ ਤੇਰੀ ਯਾਦ ਖਲੋ ਨਾ ਜਾਵੇ,

ਏਸੇ ਲਈ ਮੈਂ ਖੁੱਲ੍ਹਾ ਰੱਖਣਾ ਘਰ ਦਾ ਹਰ ਦਰਵਾਜ਼ਾ ।

ਇਸ ਤੋਂ ਵੱਧ ਹਮਦਰਦੀ ਕਰਦੇ ਹੋਰ ਭਲਾ ਕੀ 'ਸ਼ਾਹਿਦ'

ਚਿਹਰਿਆਂ ਉੱਤੇ ਯਾਰਾਂ ਮਲਿਆ ਮੇਰੇ ਖ਼ੂਨ ਦਾ ਗ਼ਾਜ਼ਾ ।

📝 ਸੋਧ ਲਈ ਭੇਜੋ