ਬੱਦਲ ਪਾਟੇ ਸਨ
ਕਬਰਾਂ ਚੋਈਆਂ ਸਨ
ਦਰਿਆਵਾਂ ਨੂੰ ਅੱਗ ਲੱਗ ਗਈ ਸੀ ਓਦਣ
ਜਦੋਂ ਜੰਗ ਚ ਤੜਫ਼ਦੇ ਜ਼ਖ਼ਮੀਂ ਪੰਛੀਆਂ ਤੋਂ ਸਹਿਮੀਂ
ਆਪਣੇ ਹੀ ਫੌਜ਼ੀਆਂ ਤੋਂ ਨਹੀਂ
ਪਰੈਸ ਦੇ ਕੈਮਰੇ ਨੂੰ ਗੰਨ ਸਮਝਦਿਆਂ
ਬੱਚੀ ਨੇ ਨੰਨੇ ਹੱਥ ਖੜ੍ਹੇ ਕਰ ਦਿਤੇ ਸਨ ਡਰਦੀ ਨੇ-
ਓਸ ਦਿਨ ਇੱਕ ਵਾਰ
ਫਿਰ ਇਨਸਾਨੀਅਤ ਮਰੀ ਸੀ
ਹਵਾਵਾਂ ਨੂੰ ਛੁਪਣ ਨੂੰ ਥਾਂ ਨਹੀਂ ਸੀ ਮਿਲੀ ਓਸ ਪਲ
ਜ਼ਹਾਨ ਦੇ ਓਸ ਵੇਲੇ
ਘਰ ਸੁੰਨ੍ਹੇ ਹੋ ਗਏ ਸਨ
ਬੱਚੀ ਨੇ ਹੱਥ ਖੜ੍ਹੇ ਕਰ
ਜਿਵੇਂ ਆਖਰੀ ਸਾਹ ਲਏ ਹੋਣ
ਬਾਪ ਨੂੰ ਕੀਤਾ ਹੋਵੇ ਯਾਦ ਇੱਕ ਵਾਰੀ
ਮਾਂ ਦੇ ਪਿਆਰ ਦਾ ਪਹਿਰ ਬਣਿਆ ਹੋਵੇਗਾ ਉਹ ਸਮਾਂ
ਦੁਨੀਆਂ ਦੀਆਂ ਪਲਕਾਂ ਡੁੱਲ੍ਹੀਆਂ ਸਨ
ਦਰ ਭਿੱਜ ਗਏ ਸਨ ਓਸ ਮਸੂਮੀਅਤ ਨੂੰ ਤੱਕ
ਅੱਖਾਂ ਦੇ ਚਾਨਣ ਮਰ ਗਏ ਸਨ-
ਇਹ ਸੀਰੀਆ ਚ ਹੀ ਨਹੀਂ ਹੋਇਆ
ਪੰਜਾਬ ਦੀ ਮਿੱਟੀ ਵੀ
ਕੁਝ ਹੋ ਗਈ ਹੈ ਏਦਾਂ ਦੀ
ਪਿੰਡ ਸਹਿਮ ਜਾਂਦਾ ਹੈ
ਆਪਣੀ ਹੀ ਪੁਲੀਸ ਤੇ ਫ਼ੌਜ਼ ਤੋਂ ਹਰ ਦਰ ਕੰਬਦਾ ਹੈ-
ਲੱਜ਼ਾ ਦੀ ਰੱਖਵਾਲੀ ਇਹਨਾਂ ਕੀ ਕਰਨੀ-
ਡਰਦਾ ਕੰਬਦਾ ਕੋਈ ਬੂਹਾ ਨਹੀਂ ਖੁੱਲ੍ਹਦਾ
ਬਾਰੀ ਨਹੀਂ ਕੋਈ ਝਾਤੀ ਮਾਰਦੀ
ਦਹਿਸ਼ਤ ਦੇ ਦੌਰ ਵਿੱਚ
ਬੱਚੇ ਖੇਡਣ ਤਾਂ ਕਦੋਂ ਤੇ ਕਿੱਥੇ?
ਕਿਹੜਾ ਵਿਹੜਾ ਰਿਹਾ ਹੈ ਮਹਿਫ਼ੂਜ਼
ਕਿਹੜੇ ਬੂਟੇ ਦੇ ਫੁੱਲ ਖਿੜ੍ਹਦੇ ਨੇ
ਰੀਝਾਂ ਲੈ ਕੇ ਆਪਣੀਆਂ
ਕਿਤਾਬਾਂ ਖੋਲਦੇ ਹਾਂ
ਤਾਂ ਕਿਤਿਓਂ ਖ਼ੂਨ ਦੇ ਛਿੱਟੇ ਆ ਡਿੱਗਦੇ ਨੇ-
ਘਰਾਂ ਨੂੰ ਪਰਤਦੇ ਹਾਂ
ਤਾਂ ਰਾਹ ਚ ਬਾਪੂ ਦੀ ਪੱਗ
ਲਹੂ ਚ ਲੱਥਪੱਥ ਮਿਲਦੀ ਹੈ-
ਅਰਜ਼ ਕਰਦੇ ਨੇ ਤਾਰੇ
ਤਾਂ ਕੋਈ ਅਰਸ਼ ਨਹੀਂ ਸੁਣ ਰਿਹਾ
ਪਲ ਜ਼ਿੰਦਗੀ ਦੇ ਕੱਠੇ ਕਰ ਦਿੰਦਾ ਹਾਂ
ਤਾਂ ਕੋਈ ਕਫ਼ਨ ਨਹੀਂ ਬੁਣ ਰਿਹਾ
ਕਿੱਥੋਂ ਲਿਆ ਕੇ ਦੇਵਾਂ ਬੋਲ ਬੱਚਿਆਂ ਦੇ
ਸਮਾਂ ਅਜੇ ਵੀ ਨੰਨਿਆਂ ਨੂੰ ਨੀਹਾਂ ਚ ਹੈ ਚਿਣ ਰਿਹਾ
ਹਾਕਮ ਕੋਲ ਗਿਆ ਸਾਂ ਕਿ ਦਿੱਲ ਦੱਸਾਂ ਖੋਲ੍ਹ ਕੇ
ਬੈਠਾ ਲਾਸਾਂ ਕੋਲ ਸੀ ਉਹ ਆਪਣੀਆਂ ਵੋਟਾਂ ਗਿਣ ਰਿਹਾ