ਉਹ ਇਕ ਹਸਮੁਖ ਆਦਮੀ
ਅੱਜ ਕੱਲ੍ਹ ਅਕਸਰ ਉਦਾਸ ਰਹਿੰਦਾ ਹੈ।
ਪਰ ਵਿਸ਼ਵਾਸ ਕਰਨਾ
ਉਹ ਹਮੇਸ਼ਾ ਅਜਿਹਾ ਨਹੀਂ ਸੀ
ਬਚਪਨ ਵਿਚ ਉਸਨੂੰ ਪੜ੍ਹਾਈ ਕਰਕੇ ਨਹੀਂ
ਜਮਾਤ ਵਿੱਚ ਬਹੁਤ ਹੱਸਣ ਕਰਕੇ ਹੀ
ਆਏ ਦਿਨ ਝਿੜਕਾਂ ਪੈਂਦੀਆਂ ਸਨ
ਉਹਦਾ ਹਾਸਾ ਜਿਵੇਂ ਬਸ
ਉਹਦੇ ਬੁੱਲ੍ਹਾਂ ‘ਤੇ ਹੀ ਧਰਿਆ ਸੀ।
ਇਹ ਨਾ ਸਮਝਣਾ ਕਿ ਉਹ
ਰੋਇਆ ਨਹੀਂ ਹੋਣਾ
ਪਿਉ ਦੀ ਬੇਰਹਿਮ ਕੁੱਟ ਤੋਂ
ਜਾਂ ਕੁਝ ਮਨਚਾਹਿਆ ਨਾ ਮਿਲਣ ਕਰਕੇ
ਉਹ ਫੁੱਟ ਫੁੱਟ ਕੇ ਰੋਂਦਾ ਸੀ।
ਅਜਿਹੇ ਰੋਣ ਦਾ ਕੀ ਸੀ ?
ਉਹ ਤਾਂ ਕਿਤਾਬ ਪੜ੍ਹਦਾ ਵੀ
ਹੱਸਦਾ ਹੱਸਦਾ ਰੋ ਪੈਂਦਾ
ਰੋਂਦਾ ਰੋਂਦਾ ਅਚਾਨਕ ਹੱਸ ਪੈਂਦਾ
ਪਰ ਉਹ ਕਦੇ ਰਤੀ ਭਰ ਉਦਾਸ ਨਾ ਹੁੰਦਾ।
ਅਜੇ ਕੁਝ ਹੀ ਸਮਾਂ ਪਹਿਲਾਂ ਦੀ ਗੱਲ ਹੈ
ਉਹ ਇਤਿਹਾਸ ਦੀ ਤਲਵਾਰ ਉਤੇ
ਨੰਗੇ ਪੈਰ ਲੈ ਤੁਰਿਆ
ਯਾਰ ਗਵਾਹ ਨੇ
ਉਹਦੇ ਹੋਠਾਂ ‘ਤੇ ਤਾਂ ਵੀ ਸਦਾ
ਹਾਸਾ ਛਲਕਦਾ ਸੀ।
ਏਨ੍ਹੀਂ ਦਿਨੀਂ ਪਤਾ ਨਹੀਂ ਉਸਨੂੰ
ਕੀ ਕਸਰ ਹੋਈ ਹੈ ?
ਜ਼ਰਾ ਜਿੰਨੀ ਗੱਲ ਤੋਂ ਉਹ ਗੱਚ ਭਰ ਬਹਿੰਦੈ
ਕਿੰਨਾ ਹੀ ਚਿਰ ਗੁੰਮ ਸੁੰਮ ਜਿਹਾ
ਖ਼ਿਲਾਅ ਨੂੰ ਘੂਰਦਾ ਰਹਿੰਦੈ
ਉਹ ਤੁਹਾਨੂੰ ਮਿਲੇਗਾ, ਮੁਸਕਰਾਵੇਗਾ
ਹੱਥ ਘੁਟੇਗਾ, ਗਲਵਕੜੀ ਪਾਵੇਗਾ
ਅਗਲੇ ਪਲ ਅੱਖਾਂ ਭਰ ਲਵੇਗਾ
ਉਸ ਦੀਆਂ ਅੱਖਾਂ ‘ਚੋਂ ਹੰਝੂ ਨਹੀਂ
ਉਦਾਸ ਤਪਸ਼ ਡੁਲ੍ਹਦੀ ਹੈ।
ਉਸਨੂੰ ਪਤਾ ਨਹੀਂ ਲੱਗਦਾ
ਕਿ ਉਸਨੂੰ ਕੀ ਹੋਇਆ ਹੈ,
ਇਕ ਬਹੁਤ ਹਸਮੁਖ ਆਦਮੀ
ਅੱਜ ਕੱਲ੍ਹ ਬਹੁਤ ਉਦਾਸ ਰਹਿੰਦਾ ਹੈ।