ਉਹ ਆਈ
ਕਿੰਨਾਂ ਚਿਰ ਕੋਲ ਬੈਠੀ ਰਹੀ
ਮੈਂ ਸੋਚ ਰਿਹਾ ਸੀ
ਉਹਦੇ ਕੋਲ ਬੈਠਾ ਵੀ... ਉਹਦੇ ਬਾਰੇ
ਮੈਨੂੰ ਇਹ ਉਮੀਦ ਸੀ
ਕਿ ਉਹ ਪਹਿਲਾਂ ਬੋਲੇ
ਤੇ ਆਖੇ ਦੱਸ... ਅੱਜ ਕੀ ਲਿਖਿਆ ਤੂੰ
ਤੇ ਮੈਂ ਆਖਾਂ ਅੱਜ ਤਾਂ ਇੱਕ ਅਜਨਬੀ ਦੇ ਬਾਰੇ ਹੀ,
ਖ਼ੁਦ ਨੂੰ ਸਵਾਲ ਕਰਦਿਆਂ ਲੰਘ ਗਿਆ ਸਾਰਾ ਦਿਨ
ਕੌਣ ... ਅਜਨਬੀ....ਉਹ...???
ਤੂੰ ਜ਼ਿਆਦਾ ਗੰਭੀਰਤਾ ਨਾਲ ਨਾ ਸੋਚਿਆ ਕਰ
ਮਨੁੱਖ ਦੇ ਪੈਰਾਂ ਨੂੰ...ਭਲਾਂ,
ਇੱਕ ਕੀੜੀ ਹੋਰ ਪੈਰ ਥੱਲੇ ਆ,
ਮਰ ਜਾਣ ਨਾਲ ਕੀ ਫ਼ਰਕ ਪੈਂਦਾ
ਹਾਂ ... ਗੱਲ ਤਾਂ ਸਹੀ ਹੈ
ਪਰ ਮੈਂ ਹਾਲੇ ਬਰਾਬਰੀ ਦਾ ਨਹੀਂ ਆਂ
ਪਤਾ ਏ ਮੈਨੂੰ...ਤੇਰੀ ਇਸੇ ਆਦਤ ਕਾਰਨ
ਲੋਕ ਤੈਨੂੰ... ਪੱਥਰ ਆਖ ਪੁਕਾਰਦੇ ਨੇ
ਫੇਰ... ਮੈਨੂੰ ਕੋਈ ਫਰਕ ਨਹੀਂ ਪੈਂਦਾ...
ਸਹੀ ਆਖਦੇ ਨੇ...ਉਹ
ਹਾਂ ਵੀ ਤਾਂ ਮੈਂ... ਪੱਥਰ ਹੀ
ਚੱਲ ਛੱਡ ਮੈਂ ਤੇਰੇ ਨਾਲ ਲੜਨ ਨਹੀਂ ਆਈ
ਹੋਰ ਦੱਸ... ਬਾਕੀ ਸਭ ਸੁਖ ਸਾਂਦ ਹੈ।
ਹਾਂ... ਬਸ ... ਜਿਦਾਂ ਵੀ ਹੋ ਰਿਹਾ...ਸਹੀ ਹੈ।
ਤੈਨੂੰ ਇੱਕ ਗੱਲ ਦੱਸਾਂ... ਜਦੋਂ ਮੈਂ,
ਤੈਨੂੰ ਪਹਿਲੀ ਵਾਰ ਮਿਲੀ ਸੀ
ਮੈਨੂੰ ਤੇਰੇ ਤੋਂ ਐਨਾ ਡਰ ਲੱਗਿਆ ਸੀ... ਜਿੰਨਾਂ...
ਮਨੁੱਖ ਨੂੰ ਕਿਸੇ ਮਾਹਾਂਮਾਰੀ ਤੋਂ...
ਪਰ ਹੁਣ ਨਹੀਂ... ਲੱਗਦਾ ਡਰ...ਪਤਾ ਕਿਉਂ...???
ਨਹੀਂ... , ਦੱਸ....???
ਕਿਉਂਕਿ ਤੂੰ ਜਮ੍ਹਾਂ ਆਪਣੇ ਨਾਂ ਵਰਗਾ ਏਂ... ਬਾਹਰੋਂ ਨਹੀਂ ...ਅੰਦਰੋਂ,
ਮੈਨੂੰ ਤੇਰੀ ਪਹਿਲੀ ਵਾਰ ਕਹੀ ਗੱਲ ਅੱਜ ਵੀ ਯਾਦ ਆ,
ਕਿ... ਮੈਂ ਤਾਰੀਫ਼ ਦਾ ਨਹੀਂ...ਸੱਚ ਦਾ ਭੁੱਖਾ ਹਾਂ....!!!
ਤੇਰੀ ਹਰ ਗੱਲ... ਸੁਣੀ ਹੈ ਮੈਂ,
ਅਖੀਰ ਮੈਂ ਇਹੀ ਵੇਖਿਆ ਹੈ...
ਤੂੰ ਨਫ਼ਰਤ ਤੇ ਪਿਆਰ ਬੜਾ ਦਿਲ ਤੋਂ ਕਰਦਾ...
ਤੇਰੀ ਉਹ ਵਾਲੀ ਗੱਲ ਅੱਜ ਵੀ ਯਾਦ ਆ
ਤੇਰੇ ਬਾਰਵੀਂ ਦੇ ਦੂਸਰੇ ਪੇਪਰ ਤੋਂ ਪਹਿਲਾਂ ਦੀ...
ਕਿੰਨਾ ਅਜੀਬ ਹੈਂ ਤੂੰ ਵੀ... ਤੂੰ ਸੱਚੀ ਬੜਾ ਵੱਖ ਏਂ... ਨਾਲ਼ੇ ਹਾਂ...
ਤੂੰ ਸ਼ਾਇਰ ਜਾਂ ਲੇਖਕ ਨਹੀਂ ਏ... ਤੂੰ ਇਕਾਂਤ ਤੇ ਇੱਕਲੇਪਣ ਦ
ਸਮੁੰਦਰ ਚੋਂ ਤੈਰ ਕੇ ਆਇਆ ਹੋਇਆ... ਗੋਤਾਖੋਰ ਏ