ਓਹ ਚੱਲੀ ਹਵਾ, ਵੇਖੋ ਬੱਦਲ ਵਿਆਹੁਣ।
ਰੁੱਖਾਂ ਦੀ ਦੁਲਾਰੀ ਜਦ, ਉੱਡ ਬੁੜਕੜੀ ਮਾਰੀ।
ਤੱਕ ਕੋਈ ਨਾ ਸਕੇ, ਮਹਿਸੂਸੇ ਦੁਨੀਆਂ ਸਾਰੀ।
ਫੁੱਲਾਂ ਦੀਆਂ ਮਹਿਕਾਂ ਵੰਡਕੇ।
ਲੱਗ ਪਈ ਓਹ ਵੇਖ ਲਉ, ਬੱਦਲੀ ਨੂੰ ਭਰਮਾਉਣ।
ਓਹ ਚੱਲੀ ਹਵਾ ਵੇਖੋ ਬੱਦਲ ਵਿਆਹੁਣ।
ਸੁੱਕੇ ਪੱਤੇ ਲੈ ਬਰਾਤੀ, ਕਿੱਦਾਂ ਠੰਡ ਬਰਸਾਤੀ।
ਮਿੱਟੀ-ਘੱਟੇ ਲੈ ਉੱਡੀ, ਸੁੱਚੀ ਉਹ ਬਿਨ ਨ੍ਹਾਤੀ।
ਬੱਦਲੀ ਵਿਚੋਲੀ ਬਣ ਗਈ।
ਜੰਞ ਤਿਰਹਾਈ ਵੇਖ ਉਹ, ਲੱਗੀ ਜਲ ਛਕਾਉਣ।
ਓਹ ਚੱਲੀ ਹਵਾ ਵੇਖੋ ਬੱਦਲ ਵਿਆਹੁਣ।
ਨਵੀਂ-ਨਵੀਂ ਰੀਤ ਚੱਲੂ, ਹਵਾ ’ਚ ਸੰਗੀਤ ਚੱਲੂ।
ਤਾਰੇ ਸਾਰੇ ਛੁਪ ਗਏ, ਚੰਦ ਆਪਣਾ ਰਸਤਾ ਮੱਲੂ।
ਸੂਰਜ ਜੰਞ ਵੇਖਣ ਨੂੰ ਤਰਸੇ।
ਕੁਦਰਤ ਰਾਣੀ ਵੇਖ ਲਉ, ਲੱਗੀ ਘੋੜੀਆਂ ਗਾਉਣ।
ਓਹ ਚੱਲੀ ਹਵਾ ਵੇਖੋ ਬੱਦਲ ਵਿਆਹੁਣ।
ਸਰਬ ਨੂੰ ਖਿੜ-ਖਿੜ ਹੱਸਦੀ ਵੇਖ ਲਿਆ।
ਪੁੱਛਣ ਲੋਕੀਂ ਕਿ, ਦੱਸ ਕੀ ਵੇਖ ਲਿਆ।
ਜੁਗਨੂੰ ਲੱਗ ਪਏ ਜਗਮਗਾਉਣ।
ਪਾਣੀ ਵਾਰਨ ਆ ਗਈ ਪੌਣ।
ਆਖੇ ਜੀ ਆਇਆਂ ਨੂੰ ਧੀਏ, ਜੋ ਆਈ ਬੱਦਲ ਵਿਆਹੁਣ।