ਤੇਰੀ ਸੋਚ ਦੇ ਪੱਧਰ ਤੋਂ, ਉਹਦੀਆਂ ਕਿਤੇ ਉੱਚੀਆਂ ਬਾਤਾਂ!
ਸ਼ਰਧਾ ਨਾਲ ਆਵੇ ਜੋ, ਝੋਲੀ ਪਾਉਦਾ ਬਹੁਤ ਸੁਗਾਤਾਂ!
ਨੀਅਤ ਦੇ ਖੋਟਿਆਂ ਨੂੰ, ਦੂਰੋਂ ਬੈਠ ਉਹ ਝੱਟ ਪਛਾਣੇ!
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!
ਤੂੰ ਸਭ ਦੀਆਂ ਅੱਖਾਂ 'ਚ ਬੇਸ਼ੱਕ ਪਾਂਉਦਾ ਫਿਰਦੈਂ ਘੱਟਾ!
ਉਹ ਜਾਣਦਾ ਰਮਝਾਂ ਨੂੰ, ਚੱਲਦਾ ਕੀ ਮਿੱਠਾ ਕੀ ਖੱਟਾ!
ਆਪੇ ਉਹ ਜੜ੍ਹ ਲਾਵੇ, ਆਪੇ ਵੇਖਿਆ ਵੱਢਦਾ ਢਾਹਣੇ!
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!
ਤੇਰੇ ਅੰਦਰ ਕੀ ਚੱਲਦਾ, ਬਾਹਰੋਂ ਕੀ ਤੂੰ ਕਰੇਂ ਦਿਖਾਵੇ!
ਉਹਨੂੰ ਇਹ ਭਾਂਉਦੇ ਨਹੀ, ਜੋ ਤੂੰ ਦੋਗਲੇ ਕਰੇ ਛਲਾਵੇ!
ਕਿੱਥੇ ਦੇਗ਼ ਵਰਤਦੀ ਪਈ, ਕਿੱਥੇ ਵਰਤ ਨੇ ਰਹੇ ਮਖਾਣੇ!
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!
ਉਹਨੂੰ ਫਿਕਰ ਸਭਦਾ ਹੈ, ਤੈਨੂੰ ਫਿਕਰ ਆਪਣਾਂ ਬੰਦਿਆ!
ਉੱਥੇ ਜ਼ਿਕਰ ਸਭਦਾ ਹੈ, ਤੂੰ ਕਰੇ ਜ਼ਿਕਰ ਆਪਣਾਂ ਬੰਦਿਆ!
ਉਸਨੂੰ ਪਰਵਾਣ ਨਹੀ, ਜਿਹੜੇ ਹੱਦੋਂ ਵੱਧ ਸਿਆਣੇ!
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!
ਮੇਰੇ ਵਿੱਚ ਤਾਕਤ ਨਹੀ, ਕੇ ਮੈਂ ਰਮਜ਼ ਸਮਝ ਲਾਂ ਤੇਰੀ!
ਡਿੱਗਿਆਂ ਢੱਠਿਆਂ ਨੂੰ, ਪਰ ਤੂੰ ਵੇਖਿਆਂ ਦਵੇ ਦਲੇਰੀ!
ਬੇ-ਸਮਝ ਮੈਂ ਕੋਰਾ ਹਾਂ, ਤੁਸੀ ਰਹਿਬਰ ਅਸੀਂ ਨਿਆਣੇ!
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!
ਬਿਨ ਬੋਲੇ ਜਾਣਦਾ ਏ, ਤੂੰ ਭਿੱਜਕੇ ਕਰ ਅਰਦਾਸਾਂ!
ਫਲ਼ ਲਾਉਦਾ ਸੁੱਕਿਆ ਨੂੰ, ਉਹੋ ਨਹੀ ਤੋੜਨਾ ਆਸਾਂ!
ਉਹਦੇ ਹੀ ਆਡਰ ਤੇ, ਏਥੇ ਵਰਤ ਰਹੇ ਸਭ ਭਾਣੇ!
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!
ਇੱਕ ਵਾਰ ‘ਸੱਤਿਆ' ਤੂੰ, ਅੰਦਰੋਂ ਵੇਖ ਜੋੜਕੇ ਤਾਰਾਂ!
ਰਹਿਮਤ ਦੇ ਸਾਗਰ ਚੋ' ਵੇਖੀ ਜਾਊ ਫੁੱਟ ਬਹਾਰਾਂ!
ਜਿਥੇ ਚੋਗ਼ ਖਲਾਰੇ ਉਹ, ਉੱਥੋਂ ਆਪ ਚੁਗਾਵੇਂ ਦਾਣੇ!
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!