ਉਹ ਦਿਲਕਸ਼ ਹੈ; ਬਿਗਾਨੇ ਸ਼ਹਿਰ ਨੂੰ ਵੀ

ਉਹ ਦਿਲਕਸ਼ ਹੈ; ਬਿਗਾਨੇ ਸ਼ਹਿਰ ਨੂੰ ਵੀ ਜਚ ਗਿਆ ਹੋਣੈ।

ਤੇ ਜਾਂ ਫਿਰ ਸ਼ਹਿਰ ਖ਼ਾਲੀਪਨ ‘ਚ ਉਸਦੇ ਰਚ ਗਿਆ ਹੋਣੈ।।

ਜਦੋਂ  ਵੀ  ਪਰਤਿਆ  ਵਾਪਿਸ  ਕਦੇ  ਤਾਂ  ਪਰਖਣਾ  ਪੈਣੈ,

ਨਾ ਐਵੇਂ ਸਮਝ ਲੈਣਾ ਕਿ ਉਹ ਸਾਬਤ ਬਚ ਗਿਆ ਹੋਣੈ।।

ਫ਼ਕੀਰੀ ਤਾਂ ਪਕਾ ਸਕਦੀ ਹੈ ਆਪਣੀ ਭੁੱਖ ਦਾ ਲਾਵਣ,

ਯਕੀਨਨ ਕਾਠ ਪਰਸ਼ਾਦਾ ਵੀ ਉਸਨੂੰ ਪਚ ਗਿਆ ਹੋਣੈ।।

ਜੇ ਵਿੱਥਾਂ -ਖੂੰਜਿਆਂ ‘ਚੋਂ ਭਾਲਦਾ ਰਹਿੰਦਾ ਹੈ ਮੁਸਕਣੀਆਂ,

ਤਾਂ ਕਮਲੇ ਦਾ ਨਾ ਹਾਲੇ ਜੀਣ ਦਾ ਲਾਲਚ ਗਿਆ ਹੋਣੈ।।

ਤੁਸੀਂ  ਕੀਕਰ  ਨਿਖੇੜੋਗੇ  ਭਲਾ  ਆਦੇਸ਼  ਤੋਂ  ਅੰਕੁਸ਼,

ਉਹ ਕਵਿਤਾ ਦੀ ਤਰ੍ਹਾਂ ਹੱਡਾਂ ‘ਚ ਉਸਦੇ ਰਚ ਗਿਆ ਹੋਣੈ!

📝 ਸੋਧ ਲਈ ਭੇਜੋ