ਉਹ ਹੱਸਦੀ ਤਾਂ

ਉਹ ਹੱਸਦੀ ਤਾਂ

ਫੁੱਲ ਖਿੜਦੇ ਮਹਿਕਦੇ 

ਉਹ ਨੱਚਦੀ ਤਾਂ 

ਓਹਦੀਆਂ ਗਿੱਲੀਆਂ ਚਿੱਟੀਆਂ

ਬਦਨਾਮ ਬੱਦਲੀਆਂ ਘਟਾਵਾਂ 'ਚੋਂ

ਕਾਤਰਾਂ ਚ ਚੰਨ ਵੀ ਝਾਕਦੇ 

ਨੱਚਣ ਲੱਗਦੇ 

ਪਹਾੜਾਂ ਨੂੰ 

ਕੰਬਣੀ ਛਿੜਨ ਲੱਗ ਜਾਂਦੀ ਸੀ 

ਜਦੋਂ ਉਹ ਵਾਲ ਛੰਡਦੀ 

ਬਨੇਰੇ ਕੋਲ ਖੜ੍ਹ ਕੇ 

ਉਹ ਮਧੁਰ ਡੁੱਬਦਾ ਸੰਗੀਤ ਸੀ

ਝਨਾਂ ਦੀਆਂ ਵਲ਼ ਖਾਂਦੀਆਂ ਲਹਿਰਾਂ ਵਿੱਚ 

ਦੁੱਧ ਚਿੱਟੀਆਂ ਬੱਗੀਆਂ 

ਕਲਾਈਆਂ 'ਤੇ ਖੇਡਦੀਆਂ ਗਾਉਂਦੀਆਂ 

ਉਹਦੀਆਂ ਵੰਗਾਂ ਵੀ ਨਸ਼ਿਆ ਜਾਂਦੀਆਂ

ਵਿਸ਼ੀਅਰ ਫੁੰਕਾਰੇ ਮਾਰਦੇ ਸਨ

ਜਦੋਂ ਉਹਦੀਆਂ ਝਾਂਜਰਾਂ ਦੀ ਛਣਕਾਰ 

ਖ਼ੂੰਖ਼ਾਰ ਹੋ ਗੂੰਜਦੀ 

ਤਰਸਦੇ ਉਨੀਂਦਰੇ ਰਾਤਾਂ ਦੇ ਪਲ ਸੀ ਉਹ ਕੁੜੀ 

ਪਿੰਡ ਮੇਲਿਆਂ ਚ ਫਿਰਦੇ

ਗਭਰੂਆਂ ਦੀਆਂ ਪਲਕਾਂ ਦੇ 

ਹੁਸਨ ਸ਼ਬਾਬ ਦੀ ਤਵਾਰੀਖ਼ ਸੀ ਉਹ 

ਕਨੇਰਾਂ ਅਲਸੀ ਦੇ ਫੁੱਲਾਂ ਤੇ ਟਹਿਕਦੀ

ਮੰਡਰਾਉਂਦਾ  

ਫੁੱਲਾਂ ਨਾਲ ਲੱਦੀਆਂ ਅਨਾਰਾਂ ਦੀਆਂ ਡਾਲੀਆਂ ਵਰਗਾ ਸੰਸਾਰ

ਨਗ਼ਮਾ ਰੰਗਾਂ ਦਾ 

ਰੁੱਤ ਉਹਦੇ ਆਏ ਅੰਗਾਂ ਤੇ ਅੰਗੜਾਈਆਂ ਦੀ

ਨਹੋਰਾ ਉਹਦੀ ਇਕ-ਇਕ ਅਦਾ ਚ ਸੀ

📝 ਸੋਧ ਲਈ ਭੇਜੋ