ਉਹ ਜਦੋਂ ਆਇਆ
ਸੂਰਜ ਆਸਮਾਨ ਤੋਂ ਡਿੱਗ ਕੇ
ਕੁਝ ਸਮਾਂ ਖਜੂਰ ਵਿਚ ਅਟਕਿਆ ਰਹਿਣ ਪਿੱਛੋਂ
ਹੋਰ ਹੇਠਾਂ ਤਿਲਕਿਆ
ਤੇ ਝਾੜੀ 'ਚ ਉਲਝ ਕੇ ਅਲੋਪ ਹੋ ਚੁੱਕਾ ਸੀ
ਹੁਣ ਉਸ ਦੁਆਲੇ
ਨਿੱਕੇ ਨਿੱਕੇ ਹਰੇ ਪੱਤਿਆਂ
ਨਿੱਕੇ ਨਿੱਕੇ ਕੰਡਿਆਂ ਦਾ
ਝੁੰਗਲਮਾਟਾ ਜਿਹਾ ਸੀ
ਜਾਂ ਇਸ ਦੁਆਲੇ ਪਸਰਿਆ ਹੋਇਆ
ਹਲਕੇ ਗੁਲਾਬੀ ਰੰਗ ਦਾ
ਨਿੰਮਾ ਜਿਹਾ ਇਕ ਸੇਕ ਸੀ
ਉਹ ਜਦੋਂ ਆਇਆ
ਉਮਰ ’ਤੇ ਛਾਈ ਕਾਲੀ ਜਵਾਨ ਰਾਤ
ਆਪਣਾ ਰੇਸ਼ਮੀ ਸੰਘਣਾਪਣ ਗੁਆ ਕੇ
ਸਿੰਬਲ ਦੀ ਰੂੰ ਵਾਂਗ ਹਲਕੀ ਹੋਈ ਬੈਠੀ ਸੀ
ਜਿਸ ਦੇ ਵਾਲਾਂ ‘ਚ ਖੇਡ ਰਹੀਆਂ ਸਨ
ਏਕਮ ਦੇ ਚੰਦ ਦੀਆਂ ਕੁਝ ਚਾਂਦੀ ਰਿਸ਼ਮਾਂ
ਉਹ ਜਦੋਂ ਆਇਆ
ਨਾੜਾਂ ਦਾ ਲਹੂ ਵਰ੍ਹਿਆਂ ਤਕ ਖੌਲਦੇ ਰਹਿਣ ਪਿੱਛੋਂ
ਹਲਕੀ ਜਿਹੀ ਤਪਸ਼ ਨਾਲ ਅਡੋਲ ਵਹਿਣ ਲੱਗਾ ਸੀ
ਚਾਰੇ ਪਾਸੇ ਫੈਲਿਆ ਸੀ ਬੰਜਰ ਉਮਰ ਦਾ ਸਕੂਨ
ਉਹ ਜਦੋਂ ਆਇਆ
ਦਰਵਾਜ਼ਾ ਅੱਧਾ ਬੰਦ ਸੀ ਤੇ ਅੱਧਾ ਖੁੱਲ੍ਹਾ
ਇਸ ਦੇ ਆਰ ਪਾਰ
ਸੱਖਣੀ ਉਡੀਕ ਨਾਲ ਹੱਡੀਆਂ ਅੱਖਾਂ ਸਨ
ਜਾਂ ਉਸ ਦੀ ਆਮਦ ਦੇ ਪ੍ਰਤੀਬਿੰਬ ਜਿਹੀ
'ਜੀ ਆਇਆ' ।