ਉਹ ਕਹਿ ਕੇ ਤੁਰ ਗਏ ਤੂੰ ਜ਼ਬਰ ਦੇਖ ਜ਼ੋਰ ਤੱਕ,
ਖ਼ਬਰੇ ਕੀ ਸੋਚਦਾ ਰਿਹਾ ਬੈਠਾ ਮੈਂ ਦੇਰ ਤੱਕ ।
ਲਗਦਾ ਹੈ ਤੇਰਾ ਰਹਿ ਗਿਆ ਕੁਝ ਏਥੇ ਸਹਿ-ਸੁਭਾ,
ਓਸੇ ਤਰ੍ਹਾਂ ਹੀ ਮੇਰੀਆਂ ਅੱਖਾਂ 'ਚ ਫੇਰ ਤੱਕ।
ਪੁੱਛਦਾ ਸਵੇਰੇ ਰੋਜ਼ ਹੈ ਚਾਨਣ ਦਿਮਾਗ਼ ਦਾ,
ਕਿਨ੍ਹਾਂ ਕੁ ਸਫ਼ਰ ਹੋਰ ਹੈ ਦਿਲ ਦੇ ਹਨ੍ਹੇਰ ਤੱਕ।
ਖ਼ਬਰੇ ਕਦੋਂ ਕੁ ਹੋਏਗਾ ਜੱਗ ਸਾਰਾ ਆਪਣਾ,
ਹਾਲੇ ਤਾਂ ਮਰਕੇ ਸਿਲਸਲਾ ਹੈ ਤੇਰ ਮੇਰ ਤੱਕ।
ਹਾਂ ਠੀਕ ਹੈ ਇਹੋ ਹੀ ਬਸ ਜੀਵਨ ਦਾ ਮੌਅਜ਼ਜ਼ਾ
ਸਾਹਾਂ ਦਾ ਜੋ ਸੰਘਰਸ਼ ਹੈ ਮਿੱਟੀ ਦੇ ਢੇਰ ਤੱਕ।