ਉਹ ਕਹਿੰਦੇ ਵੇਖ ਹਨੇਰਾ

ਉਹ ਕਹਿੰਦੇ ਵੇਖ ਹਨੇਰਾ ਹੈ

ਮੈਨੂੰ ਜਾਪੇ ਸੱਜਰ ਸਵੇਰਾ ਹੈ ।

ਤੂੰ ਹੈਂ ! ਬਸ ਤੂੰ ਹੈਂ ! ਇਕ ਤੂੰ ਹੀ ਹੈਂ !

ਤੇਰੇ ਅੰਦਰ ਬ੍ਰਹਮ ਬਸੇਰਾ ਹੈ।

ਉਹ ਕਹਿੰਦੇ ਉੱਠੋ, ਸੁਬਹ ਹੋਈ

ਮੈਨੂੰ ਜਾਪੇ ਭਟਕਣ ਸ਼ੁਰੂ ਹੋਈ

ਬਾਹਰਮੁਖੀ ਹੋਏ ਸਭ ਫਿਰਦੇ ਨੇ

ਮੈਂ ਕਹਿਨਾ ਕੋਲ ਬਥੇਰਾ ਹੈ ।

ਅੱਖਾਂ ਵੇਖ ਵੇਖ ਨਹੀਂ ਰੱਜੀਆਂ ਨੇ

ਰੰਗ ਰੋਈਆਂ ਤੇ ਰੰਗ ਹੱਸੀਆਂ ਨੇ

ਮੈਂ ਕਹਿਨਾ ਝਾਤੀ ਮਾਰ ਅੰਦਰ

ਰੰਗਾਂ ਦਾ ਬੇਅੰਤ ਖਲੇਰਾ ਹੈ ।

ਵੇਖਣ, ਸੁਣਨ, ਸੁੰਘਣ ਨੂੰ ਚੁੱਪ ਤੇ ਕਰਾ

ਸੁਆਦਾਂ ਦਿਆ ਪੱਟਿਆ ਘੱਟ ਵੀ ਖਾ

ਕਿਤੇ ਸਹਿਜ ਸਹਿਜ ਨਾਲ ਜੁੜਿਆ ਕਰ

ਫੜ ਉਂਗਲ ਉਹਦੀ ਜੋ ਤੇਰਾ ਹੈ ।

ਅਮੀਰ ਸਿਆਣਾ, ਗਰੀਬ ਸ਼ੁਦਾਈ ਹੈ

ਕੋਈ ਮਿੱਤਰ ਪਿਆਰਾ ਭਾਈ ਹੈ

ਤੂੰ ਐਵੇਂ ਨਾ ਆਪ ਉਲਝਿਆ ਕਰ

ਓਹ ਜਾਣੇ ਜੋ ਵੱਡਾ ਵਡੇਰਾ ਹੈ ।

ਯਕੀਂ ਕਰ ਦਰਵੇਸ਼ ਜਿਹਾ ਹੈਂ ਤੂੰ

ਬ੍ਰਹਮਾ, ਵਿਸ਼ਨੂੰ, ਮਹੇਸ਼ ਜਿਹਾ ਹੈਂ ਤੂੰ

ਤੇਰੇ ਅੰਦਰ ਬ੍ਰਹਮ ਦਾ ਵਾਸਾ ਹੈ।

‘ਉੱਪਲ’ ਤੂੰ ਅੰਦਰ ਲਾਉਣਾ ਫੇਰਾ ਹੈ।

📝 ਸੋਧ ਲਈ ਭੇਜੋ