ਸਵੇਰਾ ਸੀ
ਮੈਂ ਆਪਣੇ ਸ਼ਹਿਰ ਵਿਚੋਂ ਲੰਘ ਆਇਆ
ਚੋਰ ਵਾਂਗੂੰ
ਮੈਨੂੰ ਲੱਗਾ ਮੈਂ ਆਪਣਾ ਤਨ ਚੁਰਾ ਲੈ ਜਾ ਰਿਹਾ ਹਾਂ
ਸ਼ਹਿਰ ਸਾਰਾ ਬੰਦ ਸੀ ਚੁੱਪਚਾਪ
ਹਰਿਕ ਬੂਹੇ ਦੇ ਮੂੰਹ ਤੇ ਜੰਦਰਾ ਲੱਗਾ
ਹਨੇਰੀ ਰਾਤ ਆਪਣੇ ਸ਼ਹਿਰ ਨੂੰ ਮੈਂ ਪਰਤ ਆਇਆ
ਚੋਰ ਵਾਂਗੂੰ
ਮੈਨੂੰ ਲੱਗਾ ਕਿ ਮੇਰਾ ਤਨ
ਜੋ ਕੱਲੇ ਘਰ 'ਚ ਨੰਗਾ ਰਹਿ ਗਿਆ ਸੀ
ਚੁਰਾ ਕੇ ਫੇਰ ਆਪਣੇ ਨਾਲ ਲੈ ਆਵਾਂ
ਸ਼ਹਿਰ ਗ਼ਾਇਬ ਸੀ
ਨਾ ਕੋਈ ਘਰ, ਗਲੀ, ਬੂਹਾ
ਸਿਰਫ਼ ਥਾਂ ਥਾਂ ਤੇ ਮਿਧੇ ਮੂੰਹ ਪਏ ਸਨ
ਤੇ ਹਰ ਇਕ ਮੂੰਹ ਉਪਰ ਜੰਦਰਾ ਲੱਗਾ
ਕੋਈ ਦਸਦਾ ਨਹੀਂ
ਇਕੱਲਾ ਘਰ ਮੇਰਾ ਕਿੱਥੇ ?
ਇਕੱਲੇ ਘਰ 'ਚ ਨੰਗਾ ਬਦਨ ਕਿੱਥੇ ਹੈ ?
ਮੈਂ ਆਪਣੇ ਸ਼ਹਿਰ ਨੂੰ ਵਾਪਸ ਚਲਾ ਜਾਣੈਂ
ਮੈਂ ਮੰਨਿਆ ਹਰ ਦਿਸ਼ਾ ਗੁੰਮ ਹੋ ਗਈ ਹੈ
ਘਰ ਗੁਆਚੇ
ਸ਼ਹਿਰ ਕਿਧਰੇ ਨਸ ਗਏ ਨੇ
ਤੇ ਹਰ ਨੰਗੇ ਬਦਨ ਪਹਿਚਾਨ ਆਪਣੀ ਪੂੰਝ ਦਿੱਤੀ ਹੈ
ਮੈਂ ਆਪਣਾ ਸ਼ਹਿਰ ਤਾਂ ਵੀ ਲਭ ਲਵਾਂਗਾ
ਉਹ ਥਾਂ
ਜਿੱਥੇ ਕਿ ਢੇਰ ਮਿੱਧੇ ਮੂੰਹ ਪਏ ਨੇ
ਤੇ ਹਰ ਇਕ ਮੂੰਹ ਉਪਰ ਜੰਦਰਾ ਲੱਗਾ
ਉਸੇ ਥਾਂ ਸ਼ਹਿਰ ਮੇਰਾ ਹੈ
ਮੈਂ ਹਰ ਇਕ ਮੂੰਹ ਉਤੋਂ ਜੰਦਰੇ ਨੂੰ ਤੋੜ ਦੇਣਾ ਹੈ