ਓਹਦੇ ਧੋਖੇ ਨੂੰ ਇਤਬਾਰ ਸਮਝਿਆ...
ਏਥੇ ਈ ਗ਼ਲਤੀ ਕਰ ਬੈਠਾਂ...
ਜ਼ਾਲਮ ਨੂੰ ਸਰਕਾਰ ਸਮਝਿਆ...
ਏਥੇ ਈ ਗ਼ਲਤੀ ਕਰ ਬੈਠਾਂ!!
ਦੁਸ਼ਮਣ ਸੀ ਉਹ ਮੂੰਹ 'ਤੇ ਕਿਸਦੇ ਲਿਖਿਆ ਏ...
ਝੱਲਿਆ ਓਹਨੂੰ ਯਾਰ ਸਮਝਿਆ...
ਏਥੇ ਈ ਗ਼ਲਤੀ ਕਰ ਬੈਠਾਂ!!
ਜਿਸਦੇ ਪੱਲੇ ਫ਼ੁੱਲ ਤਾਂ ਕੀ ਇੱਕ ਛਾਂ ਵੀ ਨਹੀਂ...
ਮੈਂ ਉਹ ਬੂਟਾ ਫ਼ੁੱਲਦਾਰ ਸਮਝਿਆ...
ਏਥੇ ਈ ਗ਼ਲਤੀ ਕਰ ਬੈਠਾਂ!!
ਸ਼ਕਲੋਂ ਸੋਹਣੇ ਨੀਅਤਾਂ ਦੇ ਨਹੀਂ ਸੋਹਣੇ ਸੀ...
ਸੋਹਣਿਆਂ ਨੂੰ ਖੁੱਦਾਰ ਸਮਝਿਆ...
ਏਥੇ ਈ ਗ਼ਲਤੀ ਕਰ ਬੈਠਾਂ!!
ਕਾਲ਼ੇ ਤਿਲ ਦੇ ਪਿੱਛੇ ਦਿਲ ਵੀ ਕਾਲ਼ਾ ਸੀ...
ਮੈਂ ਹੁਸਨ ਦਾ ਪਹਿਰੇਦਾਰ ਸਮਝਿਆ...
ਏਥੇ ਈ ਗ਼ਲਤੀ ਕਰ ਬੈਠਾਂ!!
ਫ਼ਿਤਰਤ ਸੀ ਉਹ ਰੱਖਦੇ ਫਨੀਅਰ ਸੱਪ ਵਾਲ਼ੀ...
ਮੈਂ ਉਹਨੂੰ ਫ਼ਨਕਾਰ ਸਮਝਿਆ...
ਏਥੇ ਈ ਗ਼ਲਤੀ ਕਰ ਬੈਠਾਂ!!
'ਸਾਰੰਗ' ਓਹਦਾ ਹੱਸਣਾਂ ਤੇ ਇੱਕ ਆਦਤ ਸੀ...
ਤੂੰ ਝੱਲਿਆ ਓਹਨੂੰ ਪਿਆਰ ਸਮਝਿਆ...
ਏਥੇ ਗ਼ਲਤੀ ਕਰ ਬੈਠਾਂ!!