ਉਹਦੀ ਅੱਖ ਚੋਂ

ਡੁੱਲਿਆ ਉਹਦੀ ਅੱਖ ਚੋਂ,

ਇਕ ਹੰਝੂ ਖਾਰਾ।

ਵਹਿ ਤੁਰਿਆ ਜਹਾਨ ਸੀ,

ਸਾਰੇ ਦਾ ਸਾਰਾ।

ਕੀ ਹੈ ਮੇਰਾ ਐਬ ਤੇ

ਮੈਂ ਕੀਕੁਣ ਦੱਸਾਂ?

ਜਿਸ ਨਾਲ ਵਸਣਾ ਲੋਚਿਆ

ਹੁਣ ਉਸ ਤੋਂ ਨੱਸਾਂ।

ਉਸੇ ਡਾਲ ਨੂੰ ਵੱਡ ਰਿਹਾ

ਜਿਸ 'ਤੇ ਬੈਠਾ ਲੱਕੜਹਾਰਾ।

ਦੁਨੀਆ ਅੱਗੋਂ ਹੋਰ ਸੀ

ਸਾਡੇ ਹੋਰ ਅਕੀਦੇ।

ਰੋ ਰੋ ਆਖ਼ਰ ਗਾਲ ਲਏ

ਫਿਰ ਅਸਾਂ ਨੇ ਦੀਦੇ।

ਆਸ਼ਕ ਨੂੰ ਹੈ ਮਾਰਿਆ

ਉਸ ਲਾ ਕੇ ਲਾਰਾ।

ਤੈਨੂੰ ਹੁਣ ਕੀ ਆਖਣਾ

ਤੂੰ ਕਿਹੜਾ ਜਾਣੇਂ।

ਦੁਨੀਆ ਉਸਨੂੰ ਪੂਜਦੀ

ਜਿਸ ਘਰ ਵਿੱਚ ਦਾਣੇ।

ਸਾਡਾ ਤਾਂ ਉਹ ਵਿੱਕ ਗਿਆ

ਜੋ ਸੀ ਕਿਆਰਾ।

ਕਿਹੜਾ ਸਾਡਾ ਯਾਰ ਹੈ

ਤੇ ਕਿਹੜਾ ਵੈਰੀ।

ਗੱਲਾਂ ਸਮਝੋਂ ਬਾਹਰ ਨੇ

ਜਦ ਮੌਸਮ ਕਹਿਰੀ।

ਸਵੈਚ ਹੋਇਆ ਦੋਸਤੋ

ਖ਼ੁਦ ਦਾ ਹਤਿਆਰਾ।

📝 ਸੋਧ ਲਈ ਭੇਜੋ