ਉਦ੍ਹੀ ਗਰਮੀ ਸਹਾਰਾਂਗਾ ਤੇ ਪਾਲੇ ਠਰ ਲਵਾਂਗਾ ਮੈਂ
ਮਕਾਨਾਂ ਤੋਂ ਮਗਰ ਅੱਡਰਾ ਹੀ ਕੋਈ ਘਰ ਲਵਾਂਗਾ ਮੈਂ
ਇਹ ਅੰਧ ਵਿਸ਼ਵਾਸ ਦਾ ਸਾਗਰ ਬੜਾ ਬੇਅੰਤ ਹੈ ਤਾਂ ਕੀ
ਫ਼ਕਤ ਵਿਗਿਆਨ ਦੇ ਹੀ ਆਸਰੇ ਤੇ ਤਰ ਲਵਾਂਗਾ ਮੈਂ
ਉਦ੍ਹੀ ਪੂਜਾ ਮੈਂ ਕੀਤੀ ਕਿ ਮਿਲੇ ਨਾ ਕੋਈ ਸਰਾਪ ਉਸ ਤੋਂ
ਮਿਰੀ ਲੋਚਾ ਨਾ ਸੀ ਕਿ ਉਸ ਤੋਂ ਕੋਈ ਵਰ ਲਵਾਂਗਾ ਮੈਂ
ਉਦ੍ਹੇ ਸੀਨੇ ਦੇ ਖ਼ੰਜਰ ਨੂੰ ਮੈਂ ਕੱਢਣੋਂ ਰਹਿ ਨਹੀਂ ਸਕਿਆ
ਪਤਾ ਵੀ ਸੀ ਕਿ ਇਉਂ ਇਲਜ਼ਾਮ ਆਪਣੇ ਸਰ ਲਵਾਂਗਾ ਮੈਂ
ਮੇਰੇ ਤੋਂ ਸ਼ਿਅਰ ਦੀ ਰੂਹ ਦਾ ਕਤਲ ਹੀ ਜਰ ਨਹੀਂ ਹੋਣਾ
ਕਿ ਉਸਦੇ ਰੂਪ ਤੇ ਛਿਲਤਰ ਚੁਭੀ ਤਾਂ ਜਰ ਲਵਾਂਗਾ ਮੈਂ
ਅਸਾਡੇ ਦਰਦ ਦੀ ਇੱਕੋ ਦਵਾ ਹੁਣ ਜੀਵੀਏ ਰਲ ਕੇ
ਤੁਸੀਂ ਹਰਨਾ ਮੇਰੀ ਪੀੜਾ ਤੁਹਾਡੀ ਹਰ ਲਵਾਂਗਾ ਮੈਂ
ਤੁਸੀਂ ਜੇ ਬਹੁਤ ਕੋਮਲ ਹੋ ਤੁਸੀਂ ਨਖਰੇ ਉਠਾ ਲੈਣਾ
ਤੇ ਬਾਕੀ ਬੋਝ ਕੰਧੇ ਆਪਣੇ 'ਤੇ ਧਰ ਲਵਾਂਗਾ ਮੈਂ