ਉਹਦੀ ਉਡੀਕ

ਸਦੀਆਂ ਜਿੱਡੀ ਲੰਬੀ ਸੀ

ਸਾਲਾਂ ਵਰਗੇ ਬਹਾਨੇ ਸਨ ਓਹਦੇ ਕੋਲ

ਜਦੋਂ ਵੀ ਸੂਰਜ ਬਣ ਊਦੈ ਹੁੰਦੀ

ਪਰਬਤ ਬਲ ਉੱਠਦੇ

ਹਵਾਵਾਂ ਨੂੰ ਲਾਂਬੂ ਖਾ ਜਾਂਦੇ

ਰੁੱਖਾਂ 'ਤੇ ਕਿਆਮਤ ਆ ਜਾਂਦੀ

ਦੁਪਹਿਰਾਂ ਮਚ ਪੈਂਦੀਆਂ

ਪੰਛੀ ਦਰਿਆਵਾਂ ਵੱਲ ਦੌੜਦੇ

ਆਲ੍ਹਣਿਆਂ 'ਚ ਛੁਪ ਛੁਪ ਪਲ ਕੱਟਦੇ

ਅੱਗ ਦਾ ਸੇਕ ਨਾ ਸਹਾਰਦੇ

ਨੌਜਵਾਨਾਂ ਦੀਆਂ ਨੀਂਦਾਂ ਤਿੜਕਦੀਆਂ

ਰਾਤਾਂ ਬੇਚੈਨ ਹੋ ਜਾਂਦੀਆਂ

ਉਹ ਜਦ ਵੀ ਪੱਬ ਧਰਦੀ

ਬੂਹੇ 'ਤੋਂ ਬਾਹਰ

ਨਦੀ ਕਾਲਜਾਂ ਦੀ ਜਵਾਨੀ ਦੀ ਹਿੱਕ 'ਤੇ ਮੇਲਦੀ

ਕਾਲੀ ਸੱਪਣੀ ਬਣ ਡੰਗਦੀ ਮੁੱਛ ਫੁੱਟ ਗੱਭਰੂਆਂ ਨੂੰ

ਨਗਰ ਦੀਆਂ ਗਲੀਆਂ 'ਚ

ਅੱਗ ਖਿਲਾਰਦੀ ਲੰਘਦੀ ਜਿੱਧਰ ਵੀ ਜਾਂਦੀ

ਸੜਕਾਂ 'ਤੇ ਰੌਣਕ ਆ ਜਾਂਦੀ

ਮੇਲੇ ਲੱਗ ਜਾਂਦੇ ਪਿੰਡ ਪਿੰਡ ਸੁੰਨਿਆਂ ਖੇਤਾਂ 'ਚ

ਵੇਲਾਂ ਡਾਲੀਆਂ ਨੂੰ ਇਸ਼ਕ ਦਾ ਸੇਕ ਵੰਡਦੀ

ਸੁੱਤੀਆਂ ਮੁਹੱਬਤਾਂ 'ਤੇ

ਚਿਣਗ ਸੁੱਟਦੀ ਤੀਲੀ ਲਾਉਂਦੀ

ਕੁਆਰੀਆਂ ਮਰ ਗਈਆਂ ਪੌਣਾਂ ਨੂੰ

ਕਬਰਾਂ 'ਚੋਂ ਜਗਾ ਜਗਾ ਜਿਊਣ ਦਾ ਰਾਹ ਦੱਸਦੀ

ਨੀਲੀ ਝੀਲ ਉੱਬਲਦੀ

ਆਪਣੇ ਹੀ ਜਿਸਮ ਦੀਆਂ ਗੋਲਾਈਆਂ 'ਚ

ਬਲਦੀ ਕਿਸੇ ਠਰੀ ਹੋਈ ਛਾਤੀ ਤੇ ਤਰਨ ਲਈ

ਤਾਰਿਆਂ ਨੂੰ ਸੱਦਦੀ

ਪਲ ਭਰ ਠਾਰਨ ਲਈ ਮਚਦੇ ਅੰਗਾਂ ਤੇ

ਚੰਨ ਸੂਰਜਾਂ ਨੂੰ ਮਲ੍ਹਦੀ

ਸਮੁੰਦਰ ਨੂੰ ਘੁੱਟ ਭਰ ਪਿਆਸ 'ਚ ਜੜਨਾ ਸੋਚਦੀ

ਝੀਲ ਨਦੀ ਬਣਨਾ ਲੋਚਦੀ

ਅੱਗ ਵੰਡਦੀ ਜਵਾਲਾਮੁਖੀ ਪਹਾੜਾਂ ਨੂੰ

ਅੰਗਿਆਰ ਦਿੰਦੀ ਠਰੇ ਸੂਰਜ ਦੀ ਕੁੱਖ ਨੂੰ

ਓਹਦੀਆਂ ਕਿਰਨਾਂ ਨੂੰ ਡੰਗ ਮਾਰਨੇ ਸਿਖਾਉਂਦੀ

ਕੁਆਰੀ ਰੁੱਤ ਬਹਾਰ ਬਣ ਨੱਚਦੀ

ਧਰਤੀਆਂ ਪੱਟਦੀ ਹਫ਼ 2 ਹੱਸਦੀ

ਸੜੀ ਬਲੀ ਭੁੱਖੀ ਪਿਆਸੀ ਦੁਪਹਿਰ

ਸ਼ਾਮ ਹਨੇਰੇ ਚੋਂ ਉਡੀਕਦੀ

ਕਿਸੇ ਚੰਨ ਚੌਦਵੀਂ ਨੂੰ

ਜਿਹੜਾ ਓਹਦੀ ਅੱਗ ਚ ਡੁੱਬੇ

ਅੱਗ ਦੀਆਂ ਸੁਣੇ ਬੁੱਝੇ

ਸਫਾਲ ਧਰਤ ਤੇ ਅਗਨ ਵਿਛਦੀ

ਕਦੇ ਤਾਰਿਆਂ ਦੀ ਭੁੱਖ ਮਾਰਦੀ

ਕਦੇ ਥੱਕੇ ਸੂਰਜਾਂ ਨੂੰ ਹਿੱਕ ਨਾਲ ਲਾ ਲਾ ਠਾਰਦੀ

ਭੁੱਖੇ ਹਿੱਕ ਦੇ ਚੀਨੇ ਕਬੂਤਰ

ਚੰਨ ਸੂਰਜਾਂ ਤੋਂ ਨਾ ਰੱਜਦੇ

ਉੱਠ 2 ਅੰਬਰ ਵੱਲ ਭੱਜਦੇ

ਨੀਲੇ ਕਾਲੇ ਬੱਦਲਾਂ ਚ ਵਾਰ ਵਾਰ ਵੱਜਦੇ

ਬਿਜਲੀ ਬਣ ਨਗਨ ਵਿਲਕਦੇ

ਆਖਰ ਸਾਗਰਾਂ ਚ ਭਾਂਬੜ ਡੁੱਬ ਜਾਂਦੇ

ਸਮੁੰਦਰ ਦੀ ਪਿਆਸ ਮੁਕਾ ਕੇ

ਸੂਰਜ ਦੀ ਅੱਗ ਬੁਝਾ ਕੇ

ਚੰਨ ਨੂੰ ਛਾਤੀ ਨਾਲ ਲਾ ਕੇ

ਖੁੱਲੇ ਕੇਸਾਂ ਨੂੰ ਰਾਤ ਚ ਉਲਝਾ ਕੇ

ਸਿਤਾਰਿਆਂ ਨੂੰ ਅੰਗੀਂ ਲਿਸ਼ਕਾ ਕੇ

📝 ਸੋਧ ਲਈ ਭੇਜੋ