ਉਹਦੀਆਂ ਅੱਖਾਂ ਦੀ

ਉਹਦੀਆਂ ਅੱਖਾਂ ਦੀ

ਪਹਿਲੀ ਲਿਸ਼ਕ ਨੇ

ਚੰਨ ਬੁਝਾ ਦਿੱਤਾ ਸੀ ਉਸ ਦਿਨ

ਸਾਰੇ ਪਿੰਡ 'ਚ ਰੌਸ਼ਨੀ ਹੋਈ ਸੀ

ਜਦ ਵਿਹੜੇ ਨੇ ਬੂਹੇ ਖੋਲੇ ਸਨ ਉਹਦੇ ਲਈ

ਬੀਜੀ ਨੇ ਕੱਚੀ ਲੱਸੀ ਪੀਤੀ ਸੀ

ਮੇਰੇ ਰੋਕਦਿਆਂ ਰੋਕਦਿਆਂ ਵੀ

ਏਦਾਂ ਹੀ ਕੁਝ ਉਦੋਂ ਹੋਇਆ ਸੀ

ਜਦ ਉਹਨੂੰ ਪਹਿਲੀ ਵਾਰ ਤੱਕਿਆ ਸੀ

ਕਲਾਸ ਲੈਣ ਜਾਂਦੀ ਨੂੰ

ਦਿਨ ਨੂੰ ਸਿਤਾਰੇ ਜੇਹੇ ਲਗ ਗਏ ਸਨ

ਕਿਹੜੀ ਗੁਆਂਢਣ ਨਹੀਂ ਸੀ ਆਈ

ਮੁੱਖ ਤੋਂ ਪੱਲਾ ਚੱਕ ਚੱਕ ਵਾਰ ਵਾਰ ਮੂੰਹ ਦੇਖਣ

ਬਿਜਲੀ ਦਾ ਝਟਕਾ

ਤਾਂ ਕੁਝ ਵੀ ਨਹੀਂ ਹੁੰਦਾ

ਅੱਖਾਂ ਨੂੰ ਜਿਵੇਂ ਝਮਕਣਾ

ਭੁੱਲ ਗਿਆ ਸੀ ਉਸ ਪਲ

ਜਦ ਮਾਮੀਆਂ ਮਾਸੀਆਂ ਨੇ

ਮੁਸਕਰਾਹਟ ਨਾਲ ਤੱਕਿਆ ਸੀ ਮੇਰੇ ਵੱਲ

ਮੂੰਹ ਦੇਖ ਕੇ ਪੰਮੀ ਦਾ

ਦੁਪਹਿਰ ਉਦਣ ਜਨਮੀ ਸੀ ਸ਼ਾਇਦ

ਸ਼ਾਮ ਉਦਣ ਜਗੀ ਸੀ ਖਬਰੇ

ਰੰਗਾਂ ਨੂੰ ਮੁਕਟ 'ਤੇ ਸਜਾ ਕੇ

ਮੁਸਕਰਾਹਟ ਮਿਲੀ ਸੀ

ਗੁਲਾਬ ਦੀਆਂ ਪੱਤੀਆਂ ਨੂੰ

ਰੰਗ ਮਿਲਿਆ ਸੀ ਬੁੱਲਾਂ ਤੋਂ ਸੂਹਾ ਜਿਹਾ

ਦਲਾਨ ਨੂੰ ਜਿਵੇਂ

ਮਹਿਕਣੀ ਸ਼ੀਸੀ ਜੇਹੀ ਲੱਭ ਗਈ ਹੋਵੇ

ਅਤਰ ਫਲੇਲ ਵਾਲੀ

ਚੰਨਣ ਦੀਆਂ ਡਾਲੀਆਂ

ਲੈ ਆਇਆ ਹੋਵੇ ਕੋਈ ਸਾਡੇ ਘਰ

ਉਸ ਦਿਨ ਧੁੱਪ ਦੀਆਂ ਕਿਰਨਾਂ

ਜਨਮੀਆਂ ਸਨ ਸਾਡੀਆਂ ਤਾਜ਼ਾ ਲਿੱਪੀਆਂ ਕੰਧਾਂ 'ਤੇ

ਆਵਾਜ਼ ਮਿਲੀ ਸੀ ਚੁੱਪ ਜਿਹੀ

ਚੁਬਾਰੇ ਦੀ ਹਨੇਰੀ ਰਾਤ ਨੂੰ

ਗੀਤ ਕਿਸੇ ਨੇ ਤਰਜ਼ ਲਈ ਅਰਜ਼ ਕੀਤੇ ਸੀ

ਸੁਰੀਲੀ ਜਿਹੀ ਆਵਾਜ਼ ਨੂੰ

ਜੋ ਸੁਣੀ ਛੁਹੀ ਤੇ ਮਾਣੀ

ਜਿਵੇਂ ਕੋਈ ਜਲ ਤਰੰਗਾਂ ਨੂੰ ਛੁੰਹਦਾ ਨਾ ਰੱਜਦਾ ਹੋਵੇ

ਚੁੱਪ ਰਾਤ 'ਚ ਬੰਸਰੀ ਦੇ ਬੁੱਲਾਂ ਨੂੰ

ਜਿਵੇਂ ਕੋਈ ਵਧੀਆ ਸੁਰ ਮਿਲ ਜਾਣ

ਬੁਣਦਾ ਹੋਵੇ ਕੋਈ ਹੋਟਾਂ ਨਾਲ ਤਰੰਨਮ

ਅਨਹਦ ਇਸ਼ਕ ਤੁਰਦਾ ਹੈ ਮਟਕ ਮਟਕ

ਜਦੋਂ ਇੰਜ ਕਿਸੇ ਨਵੇਂ ਪਿਆਰ ਦੀ ਕਹਾਣੀ ਖਿੜਦੀ ਹੈ

ਜੋਤ ਜਗਦੀ ਹੈ ਦੋ ਰੂਹਾਂ 'ਚੋਂ ਇਕਮਿੱਕ ਹੋ ਕੇ

ਜਨਮਦਿਨ ਤੇਰਾ ਤਾਂ

ਪਰ ਸੁਰਗ ਮਾਨਣ ਵਰਗਾ ਹੈ

ਤੇਰੇ ਬੁੱਲ੍ਹਾਂ ਦੀਆਂ ਅਲੀਚੀਆਂ ਚੂਸਣ ਵਾਂਗ

ਗੱਲਾਂ ਦੇ ਮਿੱਠੇ ਸਵਾਦੀ ਸੇਬ ਦੇ ਚਖ ਲੈਣ ਵਾਂਗ

ਜਦੋਂ ਸਵਰਗ ਸੌਂ ਜਾਂਦੇ ਨੇ

ਅਸਮਾਨ ਬੁੱਝ ਜਾਂਦਾ ਹੈ

ਸੂਰਜ ਨੂੰ ਨਿੱਘ ਨਹੀਂ ਮਿਲਦਾ

ਤਾਂ ਤੇਰੇ ਕੋਲ ਆਉਂਦਾ ਹੈ ਕੋਈ ਠਰਿਆ ਕੰਬਦਾ ਬੁੱਲਾ

ਜਿਹਨੇ ਅਜੇ ਕਿਸੇ ਕੁਆਰੀ ਡੰਡੀ 'ਤੇ

ਤੁਰਨਾ ਸਿੱਖਣਾ ਹੁੰਦਾ ਹੈ ਫਿਸਲ ਫਿਸਲ ਕੇ

ਦੇਖੋ ਅੱਜਕਲ੍ਹ

ਸੂਰਜ ਵੀ ਅੱਗਾਂ ਮੰਗਦੇ ਫਿਰਦੇ ਹਨ

ਤੇ ਚੰਦ ਬਲਦੇ ਫਿਰਦੇ ਨੇ ਅੱਗਾਂ 'ਚ

ਦਿਨ ਕਦ ਚੜਦੇ ਰਹੇ

ਰਾਤ ਕਦ ਪੈ ਜਾਂਦੀ ਸੀ

ਕਈ ਨਹੀਂ ਜਾਣਦਾ

ਜ਼ਿੰਦਗੀ ਕਿੱਥੇ ਲਿਖੀ ਹੁੰਦੀ ਹੈ

ਸਾਹ ਕਿੰਜ਼ ਇਕ ਹੋ ਜਾਂਦੇ ਹਨ ਦੋ ਜ਼ਹਾਨਾਂ ਦੇ

ਸ਼ਾਇਦ ਮੇਰੀਆਂ ਸ਼ੁਭ ਕਾਮਨਾਵਾਂ 'ਚ ਹੋਣਾ ਕਿਤੇ

ਜਨਮਦਿਨ ਤਾਂ ਤੇਰਾ ਹੈ

ਮੇਰੇ ਲਈ ਤਾਂ ਜ਼ਿੰਦਗੀ ਦਾ ਰਾਹ ਹੈ ਅਜੇ

ਕੱਤਣ ਲਈ ਅਜੇ ਢੇਰ ਸਾਰੀਆਂ ਪੂਣੀਆਂ

ਤਰਨ ਨੂੰ ਹਿੱਕ 'ਤੇ ਲੱਖ ਸਾਗਰ

ਸੁਣਨ ਨੂੰ ਅਨੇਕਾਂ ਸੁਫਨੇ

ਬੁਣਨ ਨੂੰ ਲੱਖਾਂ ਰਾਗ

ਗਾਉਣ ਨੂੰ ਅਨੇਕਾਂ ਨਗਮੇਂ

ਝੂਟਣ ਨੂੰ ਸੌ ਸਤਰੰਗੀਆਂ ਪੀਘਾਂ

📝 ਸੋਧ ਲਈ ਭੇਜੋ