ਉਹੀ ਮਿੱਟੀ ਬਚਪਨ ਲੱਭਣ
ਵਾਂਗ ਪ੍ਰਾਹੁਣਿਆਂ ਆਈ ਹੈ
ਇਹ ਸਰਹੱਦ ਤੇ ਕੰਡਿਆਲੀ ਤਾਰ
ਸੀਨਿਆਂ ਉਤੇ ਕਿਸ ਲਾਈ ਹੈ
ਆਪਣੇ ਪਿੰਡ ਪਰਦੇਸੀ ਬਣ ਕੇ
ਬੁੱਢੇ ਵਕਤ ਰੁੱਖ ਆਉਂਦੇ ਰਹਿੰਦੇ
ਵੰਡ ਹੋਏ ਕੁੱਝ ਸੁਪਨਿਆਂ ਵਰਗੇ
ਦੁਖਦੇ ਜ਼ਖ਼ਮੀਂ ਗੰਢ ਲਾਉਂਦੇ ਰਹਿੰਦੇ
ਮੈਂ ਬਟਵਾਰੇ ਬਾਅਦ ਅੱਖ ਖੋਲ੍ਹੀ
ਫਿਰ ਵੀ ਜ਼ਖ਼ਮ ਕਿਉਂ ਸੀਨੇ ਮੇਰੇ
ਮੋਹ ਮਿੱਟੀ ਦੇ ਲਹੂ ਰੰਗ ਓਹੀ
ਫਿਰ ਕਿਸ ਨੇ ਇਹ ਜੰਗ ਛੇੜੇ
ਆਪਣੀ ਧਰਤੀ ਦੀ ਹਿੱਕ ਉੱਤੇ
ਆਪਣੇ ਹੀ ਘਰ ਲੱਭ ਰਹੇ ਹਾਂ
ਪਿਤਰਾਂ ਦੇ ਪ੍ਰਛਾਵਿਆਂ ਨਾਲ
ਵਿਹੜਿਆਂ ਵਿੱਚ ਵੱਜ ਰਹੇ ਹਾਂ
ਏਥੇ ਹੀ ਕਿਤੇ ਮਾਂ ਰਾਣੀ ਦਾ
ਸੰਦੂਕ ਹੁੰਦਾ ਸੀ ਸੱਧਰਾਂ ਲੱਦਾ
ਏਥੇ ਹੀ ਕਿਤੇ ਬਾਪੂ ਸੂਰਜ ਦਾ
ਨ੍ਹਾਰਿਆਂ ਨੇੜੇ ਹੁੰਦਾ ਸੀ ਗੱਡਾ
ਗਿੱਧੇ ਭੰਗੜੇ ਪਾਉਂਦੇ ਪਿੰਡ ਸਾਰੇ
ਲੋਹੜੀ ਵਿਆਹ ਦੇ ਸੁੱਖ ਹੁੰਦੇ ਸਨ
ਰਲਮਿਲ ਸਾਰੇ ਵੰਡ ਲੈਂਦੇ ਸਾਂ
ਲੱਪ ਕੁ ਮਸਾਂ ਦੁੱਖ ਹੁੰਦੇ ਸਨ
ਪਿੰਡ ਦੇ ਅਕਾਸ਼ ਵਾਲੇ ਚੰਨ ਤਾਰੇ
ਮੇਰੇ ਹੀ ਹੁੰਦੇ ਸੀ ਸਾਰੇ ਦੇ ਸਾਰੇ
ਕਿੱਥੇ ਗਈਆਂ ਉਹ ਗੂੜ੍ਹੀਆਂ ਛਾਵਾਂ
ਕਿੱਥੇ ਗਏ ਉਹ ਸੁਰਗ ਨਜ਼ਾਰੇ