ਉਹ ਕਿਸੇ ਭੂਤ-ਕਹਾਣੀ ਦਾ ਪਾਤਰ ਨਹੀਂ
ਨਾ ਹੀ ਪਿੰਡ ਦੇ ਇੱਕਲਵਾਂਝੇ
ਉਹ ਥਾਂ ਕੋਈ ਭੂਤਵਾੜਾ ਏ
ਸੱਚੀਮੁੱਚੀ ਦੇ ਮੋਏ ਅਣਮੋਏ ਬੰਦਿਆਂ ਦਾ
ਕਬਰਿਸਤਾਨ ਏ
ਜਦੋਂ ਕਾਲੀ ਰਾਤ ਆਮ ਤੋਂ ਕੁਝ ਵਧੇਰੇ
ਗੂੜ੍ਹੀ ਹੋ ਜਾਂਦੀ ਏ
ਤਾਂ ਉਹ ਨੀਂਦਰੋਂ ਟੁੱਟੇ ਅੰਗਿਆਰ ਵਾਂਗ
ਅੱਭੜਵਾਹੇ ਜਾਗਦਾ ਏ
ਤੇ ਪਿੰਡ ਦੀ ਕੰਗਰੋੜ 'ਚੋਂ
ਇਕ ਸ਼ੂਕਦਾ ਤਾਰਾ ਲੰਘ ਜਾਂਦਾ ਹੈ :
‘ਏਸ ਕਬਰਿਸਤਾਨ ਵਿਚ
ਸਾਰੇ ਹੀ ਜਣੇ ਮੁਰਦਾ ਨਹੀਂ
ਕੁਝ ਅਣਮਰੇ ਵੀ ਨੇ ਏਥੇ
ਮਰਨ ਦਾ ਹੱਕ ਮਿਲਣ ਤੋਂ ਪਹਿਲਾਂ ਹੀ
ਜੋ ਦਫ਼ਨਾਏ ਗਏ
ਹਸ਼ਰ ਦੇ ਦਿਨ ਮੁਰਦੇ ਜਾਗਣਗੇ
ਤੇ ਪੇਸ਼ ਕਰਨਗੇ ਅਪਣਾ ਹਿਸਾਬ
ਪਰ ਉਹ ਕਿ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ
ਉਨ੍ਹਾਂ ਦਾ ਕੀ ਬਣੇਗਾ
ਮੇਰੇ ਵਰਗੇ ਹੋਰ ਵੀ ਨੇ ਕਈ ਏਥੇ
ਜੋ ਇਸੇ ਫ਼ਿਕਰ ਵਿਚ ਗ਼ਲਤਾਨ ਨੇ......'
‘ਮੈਂ ਤਾਂ ਖ਼ੁਦਕਸ਼ੀ ਵੀ ਨਹੀਂ ਕੀਤੀ
ਨਾ ਕੋਈ ਗੁਨਾਹ
ਨਾ ਸੁਆਬ
ਨਾ ਮਰਿਆ ਨਾ ਮਾਰਿਆ ਗਿਆ
ਬਸ ਦਫ਼ਨਾ ਦਿੱਤਾ ਗਿਆ
ਮੈਂ ਭਲਾ ਕੀਤਾ ਵੀ ਕੀ ਸੀ
ਕਦੀ ਕਦਾਈਂ ਕਿਸੇ ਖੜੀ ਝੀਲ ਵਿਚ ਇੱਟ ਸੁੱਟੀ ਸੀ
ਕਿਸੇ ਬੱਝੇ ਦਰਿਆ ਨੂੰ ਹੂਕਰ ਮਾਰੀ ਸੀ
ਕਿ ਅਪਣੇ ਗਲੋਂ ਪਟਾ ਲਾਹ ਦੇ
ਕਿਸੇ ਬੇਮੌਸਮ ਬਾਂਝ ਬੇਰੀ ਨੂੰ ਝੂਣਿਆ ਸੀ; '
“ਅਪਣੇ ਮੌਸਮ ਵਿਚ ਅਪਣੇ ਫਲ ਪੱਤੇ
ਉਜਾਗਰ ਕਰਨ ਵਿਚ ਕਾਹਦੀ ਨਮੋਸ਼ੀ"
ਇਕ ਅਧ ਵਾਰ
ਖ਼ਾਮੋਸ਼ ਜੰਗਲ ਵਿੱਚੋ
ਤੇਜ਼ ਝੱਖੜ ਬਣ ਕੇ ਲੰਘਣਾ ਚਾਹਿਆ ਸੀ
ਬਸ, ਚਾਹਿਆ ਸੀ
ਤੇ ਫੇਰ ਦਫ਼ਨਾ ਦਿੱਤਾ ਗਿਆ
ਉਹ ਵੀ ਅੱਧਾ-ਪਚੱਧਾ
ਤਾਹੀਓਂ ਤਾਂ ਕਾਲੀ ਰਾਤ ਜਦੋਂ ਆਮ ਤੋਂ ਕੁਝ ਵਧੇਰੇ
ਗੂੜ੍ਹੀ ਹੋ ਜਾਂਦੀ ਏ
ਤਾਂ ਹੋਰਨਾਂ ਵੱਲੋਂ
ਮੈਨੂੰ ਹੀ ਜਾਗ ਕੇ ਪੁਛਣਾ ਪੈਂਦਾ ਹੈ :
“ਕਿਆਮਤ ਦੇ ਦਿਨ ਜਦੋਂ ਕਬਰਾਂ ਖੁਲ੍ਹਣਗੀਆਂ
ਮੁਰਦੇ ਜਾਗਣਗੇ
ਤਾਂ ਉਨ੍ਹਾਂ ਦਾ ਕੀ ਬਣੇਗਾ
ਜੋ ਬਿਨ ਮਰੇ ਦਫ਼ਨਾਏ ਗਏ
ਸੁਣਿਆ ਏ
ਕਿਆਮਤ ਦੇ ਦਿਨ ਸਿਰਫ਼ ਮੁਰਦੇ ਹੀ ਜਾਗਦੇ ਨੇ"
ਉਹ ਕਿਸੇ ਭੂਤ-ਕਹਾਣੀ ਦਾ ਪਾਤਰ ਨਹੀਂ
ਨਾ ਹੀ ਪਿੰਡ ਦੇ ਇੱਕਲਵਾਂਝੇ
ਉਹ ਥਾਂ ਕੋਈ ਭੂਤਵਾੜਾ ਏ