ਉਹਨਾਂ ਤੇਗ਼ਾਂ ਵਾਹੀਆਂ ਰਣ 'ਚ ਤੇ ਖਾਧੀਆਂ ਤੇਗ਼ਾਂ!
ਉਹ ਹਾਥੀ ਵਾਂਗਰ ਝੂਲਦੇ, ਛਕ-ਛਕ ਕੇ ਦੇਗ਼ਾਂ!
ਉਹਨਾਂ ਸ਼ੇਰ ਜੰਗਲੀ ਪਾੜ ਤੇ, ਫੜ-ਫੜ ਜਬਾੜਾਂ!
ਉਹਨਾਂ ਦੈਤਾਂ ਵਰਗੇ ਮੁਗ਼ਲ ਵੀ, ਵਾੜ ਦਿੱਤੇ ਝਾੜਾਂ!
ਉਹਨਾਂ ਮਾਰ ਨਾਗ਼ਨੀ ਚੀਰੇ ਤੇ, ਸੀ ਹਾਥੀ ਮਸ਼ਕੇ!
ਉਹ ਜਿਧਰ ਚੜਦੇ ਹੋਂਵਦੀ, ਸੀ ਅਸ਼ਕੇ-ਅਸ਼ਕੇ!
ਉਹਨਾਂ ਸੀਸ ਰੱਖਕੇ ਤਲੀ ਤੇ, ਉਡਾ ਤੇ ਪ੍ਰਖੱਚੇ!
ਉਹ ਛਾਤੀ ਉੱਤੇ ਵੈਰੀਆਂ ਦੇ, ਚੜ-ਚੜ ਨੱਚੇ!
ਉਹਨਾਂ ਹਿੱਕਾਂ ਉੱਤੇ ਠੱਲ ਲਏ, ਗੱਡੀਆਂ ਦੇ ਇੰਝਣ!
ਉਹ ਸਵਾ ਲੱਖ ਦੀ ਫੌਜ਼ ਨੂੰ, ਕੱਲੇ-ਕੱਲੇ ਪਿੰਝਣ!
ਉਹਨਾਂ ਮੋਢੇ ਦਿੱਤੇ ਤੋਪ ਨੂੰ, ਬਣ ਬਣਕੇ ਥੰਮ੍ਹੀਆਂ!
ਉਹ ਵੈਰੀ ਇੰਝ ਉਡਾਂਵਦੇ, ਜਿਊ ਉੱਡਣ ਫੰਮੀਆਂ!
ਉਹਨਾਂ ਸਣੇ ਘੋੜਿਆਂ ਟੱਪੀਆਂ, ਕਿਲ੍ਹਿਆਂ ਦੀਆਂ ਕੰਧਾਂ!
ਉਹ ਵਿੱਚ ਭੱਠਦੇ ਬੈਠ ਗਏ, ਸਨ ਨਾਲ ਅਨੰਦਾਂ!
ਉਹਨਾਂ ਦੇ ਦਾਹੜੇ ਦਰਸ਼ਨੀ, ਤੇ ਕੁੰਡੇ ਮੁਛਹਿਰੇ!
ਉਹ ਢਾਕਾਂ ਰੱਖਣ ਬੰਨ੍ਹਕੇ, ਪਾਉਣ ਤੇੜ ਕਛਹਿਰੇ!
ਉਹਨਾਂ ਦੇ ਉੱਚੇ ਕੱਦ ਸੀ, ਜਿਊ ਬੁਰਜ਼ ਖਲੀਫ਼ਾ!
ਉਹ ਸਿਰ ਨੇਜ਼ੇ ਤੇ ਟੰਗਕੇ, ਫਿਰ ਖੇਡਦੇ ਫੀਫਾ!
ਉਹਨਾਂ' ਆਪਣੇ ਬਲ ਤੇ, ਕਡਾ ਛੱਡੀਆਂ ਚਾਂਗਾਂ!
ਉਹ ਮਾਰਨ ਪਿੱਠਾਂ ਜੋੜਕੇ, ਗੜਿਆਂ ਤਰਾਂ ਡਾਂਗਾਂ!
ਉਹਨਾਂ ਵੈਰੀ ਗੱਡੇ ਧਰਤ 'ਚ ਕਰ ਕਰਕੇ ਪੁੱਠੇ!
ਉਹ ਧਰਤੀ ਮੂਧੀ ਮਾਰ ਦੇਣ, ਜੇ ਮਾਲਕ ਤੁੱਠੇ!
ਉਹਨਾ ਦਿੱਲੀ ਜਿੱਤਕੇ ਫਿਰ ਸੀ, ਪਾ ਦਿੱਤੀ ਝੋਲੀ!
ਉਹ ਸੀਨੇ ਏਦਾਂ ਪਾੜਦੇ, ਜਿਊ ਵਰਦੀ ਗੋਲੀ!
ਉਹਨਾਂ ਸਣੇ ਘੋੜਿਆਂ ਵੱਢ ਤੇ, ਕਈ ਅੰਮ੍ਹਾ ਜਾਏ!
ਉਹ ਵੈਰੀ ਇੰਝ ਲਤਾੜਦੇ, ਜਿਊ ਠੇਲਾ ਆਏ!
ਉਹਨਾਂ ਹੋਣੀ ਘੱਲੀ ਰਜ਼ਾ ਕੇ, ਰੱਖੀ ਨਾਂ" ਭੁੱਖੀ!
ਉਹ ਸਣੇ ਦੁਸ਼ਮਣ ਉੱਡ ਗਏ, ਬਣ ਬੰਬ ਮਨੁੱਖੀ!
ਉਹਨਾਂ ਅੱਗੇ ਕੁੱਸਕਿਆ, ਨਾਂ" ਕੱਚਾ ਪਿੱਲਾ!
ਉਹ ਘੋੜਾ ਦੌੜਾ ਕੇ ਪੁੱਟਦੇ, ਨੇਜ਼ੇ ਨਾਲ ਕਿੱਲਾ!
ਉਹਨਾਂ ਦੀ ਚੜ੍ਹਗੇ ਨਿਗ੍ਹਾ ਜੋ, ਫਿਰ ਆਏ ਖੁੱਲ੍ਹਦੇ!
ਉਹ ਇੱਕੀ-ਇੱਕੀ ਸਾਲ ਦੇ, ਨਈ ਵੈਰ ਸੀ ਭੁੱਲਦੇ!
ਉਹਨਾਂ ਨੇ ਪਰਬਤ ਭੋਰ ਤੇ, ਜਿਊ ਮਿਰਚਾਂ ਡੁੰਗਾਂ!
ਉਹ ਜ਼ੇਲਾਂ ਵਿੱਚੋ ਫਰਾਰ ਹੋਏ, ਪੁੱਟ-ਪੁੱਟ ਸਰੁੰਗਾਂ!
ਉਹਨਾਂ ਦਿੱਲੀ ਤੋਂ ਲਾਹੋਰ ਤੱਕ, ਸੀ ਝੰਡੇ ਗੱਡੇ!
ਉਹ ਤਾਂਹੀ ਨੇ ਇਤਿਹਾਸ ਦੇ, ਅੱਜ ਰਾਜ਼ੇ ਵੱਡੇ!
ਉਹਨਾਂ ਨੇ ਸੀ "ਸੱਤਿਆ" ਬਹੁ ਮਾਰੀਆਂ ਮੱਲਾਂ!
ਤਾਂਹੀ ਅੱਜ ਸੰਸਾਰ ਵਿੱਚ, ਨੇ ਹੁੰਦੀਆਂ ਗੱਲਾਂ!