ਉਹਨੇ ਲਗਦੈ ਮੈਨੂੰ ਚੇਤੇ ਕਰ ਮੁਸਕਾਇਆ ਏ...
ਓਹਦੇ ਸ਼ਹਿਰ ਵੱਲੋਂ ਇੱਕ ਹਵਾ ਦਾ ਬੁੱਲਾ ਆਇਆ ਏ...
ਅੰਬਰਾਂ ਵਿੱਚ ਘਟਾਵਾਂ ਚੜ੍ਹ ਕੇ ਆ ਗਈਆਂ...
ਲਗਦੈ ਓਹਨੇ ਨੈਣੀਂ ਸੁਰਮਾ ਪਾਇਆ ਏ...
ਬਿਜਲੀ ਦੀ ਲਿਸ਼ਕੋਰ ਵੀ ਦੂਣੀ ਚੌਣੀ ਏ...
ਲਗਦੈ ਓਹਨੇ ਮੱਥੇ ਟਿੱਕਾ ਲਾਇਆ ਏ...
ਵਰ੍ਹਨ ਲੱਗ ਪਿਆ ਇੰਦਰ ਅੱਜ ਬੇ-ਮੌਸਮ ਹੀ...
ਲਗਦੈ ਗਿੱਲੀਆਂ ਜ਼ੁਲਫ਼ਾਂ ਨੂੰ ਝਟਕਾਇਆ ਏ...
ਅੰਬਰਾਂ ਉੱਤੇ ਪੀਂਘ ਪਈ ਸੱਤ ਰੰਗਾਂ ਦੀ...
ਸੱਤ ਰੰਗੀ ਫੁਲਕਾਰੀ ਨੂੰ ਲਹਿਰਾਇਆ ਏ...
ਗੂੜ੍ਹੇ ਫਿੱਕੇ ਰੰਗਾਂ ਦਾ ਗੁਲਦਸਤਾ ਓਹ...
ਖ਼ੌਰੇ ਕਿਸਨੇ ਲੇਖਾਂ ਵਿੱਚ ਲਿਖਾਇਆ ਏ...
ਹਵਾ ਦੀ ਖੁਸ਼ਬੂ ਵਾਂਗ ਇਤਰ ਦੇ ਲਗਦੀ ਏ...
ਰਾਤ ਦਾ ਚਾਨਣ ਹੋ ਗਿਆ ਦੂਣ ਸਵਾਇਆ ਏ...
ਮੇਰੇ ਵਰਗਾ ਉਸ ਬਣਵਾ ਸੁਨਿਆਰੇ ਤੋਂ...
ਚਾਂਦੀ ਦਾ ਇੱਕ ਬਿਛੂਆ ਪੈਰੀਂ ਪਾਇਆ ਏ...
'ਸਾਰੰਗ' ਉਹ ਕੋਈ ਸ਼ੈਅ ਸੁਰਖ਼ਾਬੀ ਸੁਰਗਾਂ ਦੀ...
ਤੂੰ ਭੁੱਲ ਔਕਾਤਾਂ ਜਿਸਨੂੰ ਐਨਾਂ ਚਾਹਿਆ ਏ!!!