ਉਹਨੇ ਪਾਗਲ ਜਾਣ ਕੇ, ਬੂਹਾ ਢੋਇਆ ਏ ।
ਮੈਨੂੰ ਵੇਖ ਸਿਹਾਣ ਕੇ, ਬੂਹਾ ਢੋਇਆ ਏ ।
ਇਹਦੇ ਨਾਲੋਂ ਚੰਗਾ ਸੀ ਮੈਂ ਮਰ ਜਾਂਦਾ,
ਉਸ ਨੇ ਪੱਲੂ ਤਾਣ ਕੇ, ਬੂਹਾ ਢੋਇਆ ਏ ।
ਜੋ ਕਹਿੰਦਾ ਸੀ ਮੇਰਾ ਘਰ ਵੀ ਤੇਰਾ ਏ,
ਉਹਨੇ ਬੂਹੇ ਆਣ ਕੇ, ਬੂਹਾ ਢੋਇਆ ਏ ।
ਜਿਸ ਦੀ ਚੋਖਟ ਮੈਨੂੰ ਮਸਜਿਦ ਲੱਗਦੀ ਸੀ,
ਉਸਨੇ ਕਾਫ਼ਰ ਜਾਣ ਕੇ, ਬੂਹਾ ਢੋਇਆ ਏ ।
ਮੈਂ ਵੀ 'ਸ਼ਾਦ' ਕੁਝ ਸੋਚ ਕੇ ਏਥੇ ਆਇਆ ਸਾਂ,
ਉਹਨੇ ਵੀ ਕੁੱਝ ਠਾਣ ਕੇ, ਬੂਹਾ ਢੋਇਆ ਏ ।