ਕਿੰਨਾ ਕੁਝ ਆਨਲਾਈਨ ਹੋਈ ਜਾ ਰਿਹਾ ਹੈ
ਕਿੰਨਾ ਕੁਝ ਆਨਲਾਈਂਨ ਹੋਣ ਨਾਲ਼
ਕਿੰਨਾ ਕੁਝ ਲਾਈਨ ਤੋਂ ਲਹੀ ਜਾ ਰਿਹਾ ਹੈ
ਕਿੰਨਾ ਕੁਝ ਅਪਲੋਡ ਹੋਈ ਜਾ ਰਿਹਾ ਹੈ
ਕੁਝ ‘ਡਾਊਨ’ਲੋਡ ਵੀ ਹੋਈ ਜਾ ਰਿਹਾ ਹੈ
ਇੱਕ ਵਾਵਰੋਲ਼ਾ ਧਰਤੀ ਦੇ ਸਮਾਜ ਨੂੰ ਉਡਾ ਕੇ
ਆਕਾਸ਼ ਵਿੱਚ ਲਿਜਾ ਰਿਹਾ ਹੈ
ਗਗਨ ਵਿੱਚ ਮੋਹੜੀਆਂ ਗੱਡ ਪਿੰਡ ਬੱਝ ਰਹੇ ਨੇ
ਪਰਿਵਾਰ ਬਣ ਰਹੇ ਨੇ
ਰਿਸ਼ਤੇ ਜੁੜ ਰਹੇ ਨੇ
ਪਰਿਵਾਰ ਟੁੱਟ ਰਹੇ ਨੇ
ਕਿੰਨਾ ਕੁਝ ਆਨਲਾਈਨ ਹੋਈ ਜਾ ਰਿਹਾ ਹੈ
ਕਿੰਨਾ ਕੁਝ ਆਨਲਾਈੰਨ ਹੋਣ ਨਾਲ
ਕਿੰਨਾ ਕੁਝ‘ਆਫ਼’ਲਾਈਨ ਹੋਈ ਜਾ ਰਿਹਾ ਹੈ
ਹਵਾ ਵਿੱਚ ਇਬਾਰਤਾਂ ਲਿਖੀਆਂ ਜਾ ਰਹੀਆਂ ਹਨ
ਹਵਾ ਵਿੱਚ ਇਮਾਰਤਾਂ ਉਸਰ ਰਹੀਆਂ ਹਨ
ਟਾਈਮਲਾਈਨਜ਼ –ਕੰਧਾਂ
ਇਨਬੌਕਸ-ਕਮਰੇ
ਕੰਧਾਂ ਤੇ,ਕਮਰਿਆਂ ਵਿੱਚ
ਕਈ ਕੁਝ ਹੋ ਰਿਹਾ ਹੈ
ਕੰਧਾਂ ਟੱਪਕੇ ਕਮਰਿਆਂ ਵਿੱਚ
ਦਾਖ਼ਲ ਹੋਇਆ ਜਾ ਰਿਹਾ ਹੈ
ਲੋਕ ਆਪਣੇ ਘਰਾਂ 'ਚ ਵੀ ਬੈਠੇ ਨੇ
ਹੋਰਾਂ ਦੇ ਦਰਾਂ 'ਚ ਵੀ ਬੈਠੇ ਨੇ
ਕੋਲ਼ ਕੋਲ਼ ਬੈਠੇ ਵੀ ਦੂਰ ਦੂਰ ਬੈਠੇ ਨੇ
ਕਈ ਕੁਝ ਹਾਸਲ ਹੋ ਰਿਹਾ ਹੈ
ਕਈ ਕੁਝ ਖੋ ਰਿਹਾ ਹੈ
ਘੁੰਡਾਂ ਕੱਢ ਕੇ
ਬੁਰਕੇ ਪਾ ਕੇ
ਚੈਟਿੰਗ ਹੋ ਰਹੀ ਹੈ
ਪਰ ਵਸਤਰ ਪਾਰਦਰਸ਼ੀ ਕੱਚ
ਵਰਗੇ ਹੋ ਰਹੇ ਹਨ ...
ਕੰਪਿਊਟਰ ਦੇ ਕਰਸਰ ਦਾ ਚਾਬਕ
ਜ਼ਿੰਦਗੀ ਦੇ ਘੋੜੇ ਨੂੰ ਚਲਾਉਂਦਾ ਹੈ
ਕਦੇ ਬੰਦੇ ਨੂੰ ਹਸਾਉਂਦਾ ਹੈ
ਕਦੇ ਰਵਾਉਂਦਾ ਹੈ
ਜਿੰਦਗੀ ਦੇ ਹਾਸੇ ,ਰੋਣੇ ,ਰੋਸੇ ,ਗਿਲੇ ਵੀ
ਮਸ਼ੀਨੀ ਹੋ ਗਏ ਹਨ
ਹੁਣ ਚਿਹਰੇ ਨਹੀਂ ਸ਼ਬਦ ਹੱਸਦੇ ਹਨ
ਹਾ ਹਾ ..
ਹੁਣ ਅੱਥਰੂ ਅੱਖਾਂ ਦੇ ਝਿੰਮਣਾ ਚੋਂ ਨਹੀਂ
ਇਮੋਜੀਸ ਦੀਆਂ ਅੱਖਾਂ ਚੋਂ ਡਿੱਗਦੇ ਹਨ
ਇਮੋਜੀਸ ਹੀ ਬਗ਼ਲਗੀਰ ਹੁੰਦੇ ਹਨ
ਤੇ ਚੁੰਮਣ ਲੈਂਦੇ ਹਨ
ਜ਼ਿੰਦਗੀ ਨੂੰ ਕਿੰਨਾ ਸੌਖਾ ਕਰ ਲਿਆ ਹੈ
ਇਨਸਾਨ ਨੇ ਇਹ ਸਭ ਕੁਝ ਰਚ ਕੇ , ਬਣਾ ਕੇ
ਜ਼ਿੰਦਗੀ ਹਾਸਲ ਵੀ ਹੋ ਰਹੀ ਹੈ
ਜ਼ਿੰਦਗੀ ਖ਼ਾਰਜ ਵੀ ਹੋ ਰਹੀ ਹੈ