ਓਪਰੇ ਹੀ ਸਭ ਮਿਲੇ

ਓਪਰੇ ਹੀ ਸਭ ਮਿਲੇ ਕੋਈ ਮਿਰਾ ਅਪਣਾ ਨਾ ਸੀ

ਜਾਪਿਆ ਮੇਰਾ ਕਦੇ ਇਸ ਸ਼ਹਿਰ ਵਿਚ ਵਾਸਾ ਨਾ ਸੀ।

ਫ਼ੈਲਿਆ ਸੀ ਹਰ ਤਰਫ਼ ਜੰਗਲ ਹੀ ਜੰਗਲ ਦੂਰ ਤੱਕ

ਪਰ ਮੇਰੀ ਖ਼ਾਤਿਰ ਕਿਤੇ ਆਰਾਮ ਲਈ ਸਾਇਆ ਨਾ ਸੀ।

ਛੋੜ ਕੇ ਘਰ ਬਾਰ ਮੈਂ ਜਿਸ ਦੇ ਬੁਲਾਵੇ ਸਾਂ ਗਿਆ

ਉਹ ਤਾਂ ਮੈਨੂੰ ਲੈਣ ਬੂਹੇ ਤੀਕ ਵੀ ਆਇਆ ਨਾ ਸੀ।

ਕੰਧ ਤੇ ਤਲਵਾਰ ਸੀ, ਬੰਦੂਕ ਸੀ, ਖੰਜਰ ਵੀ ਸੀ

ਪੁਸਤਕਾਂ ਤਾਂ ਦੂਰ! ਓਥੇ, ਪੜ੍ਹਨ ਲਈ ਵਰਕਾ ਨਾ ਸੀ।

ਸੋਚਿਆ ਸੀ ਮੈਂ, ਕੇ ਹੁਣ ਆਉਣਾ ਨਹੀਂ ਤੇਰੀ ਗਲੀ

ਕੀ ਪਤਾ ਸੀ ਕੇ ਤੇਰੇ ਕੂਚੇ ਬਿਨਾਂ ਚਾਰਾ ਨਾ ਸੀ!

ਬੋਝ ਮੇਰੀ ਹਿੱਕ ਤੇ ਪਰਬਤ, ਸਮੁੰਦਰ, ਰੁੱਖ, ਨਹੀਂ!

ਕੁਦਰਤੀ ਬੰਦਾ ਸੀ ਜਦ ਤਕ, ਇਹ ਵੀ ਤਾਂ ਭਾਰਾ ਨਾ ਸੀ।

ਧੂੜ, ਮਿੱਟੀ, ਪੱਤਿਆਂ ਤੇ ਮੌਤ ਬਣ ਕੇ ਛਾ ਗਈ

ਰੂਹ ਮੈਲੀ ਨਾਲ ਤੇਰਾ ਖਾਤਮਾ ਔਖਾ ਨਾ ਸੀ।

ਵੇਖ ‘ਉੱਪਲ’ ਅੱਜ ਫਜ਼ਾ, ਜੋਬਨ ਤੇ ਰੱਜ ਕੇ ਆ ਗਈ

ਗੈਰ ਕੁਦਰਤ ਹੋਂਦ ਵਾਲਾ ਆਦਮੀ ਵਾਰਾ ਨਾ ਸੀ।

📝 ਸੋਧ ਲਈ ਭੇਜੋ