ਓਸ ਮਨਾਵਣ ਆਈ ਹਾਂ

ਐਨਾ ਵੀ ਕੀ ਦੁੱਖ ਦੇ ’ਤਾ

 ਇਹੋ-ਜਿਹਾ ਮੈਂ ਕੀ ਕਹਿ ’ਤਾ

 ਹੰਝੂ ਨੈਣੀਂ ਰੋਕ ਗਿਆ ਸੀ

 ਹੱਸ ਵਗਾਵਣ ਆਈ ਹਾਂ।

 ਜਿਸਦੀ ਯਾਦ ਕਦੇ ਨਾ ਭੁੱਲੀ

 ਓਸ ਮਨਾਵਣ ਆਈ ਹਾਂ।

 ਦੀਵਾਲ਼ੀ ਦੀ ਰਾਤ ਕਹਿੰਦੇ

 ਭੁੱਲੇ-ਭਟਕੇ ਰਾਹੇ ਪੈਂਦੇ

 ਖੌਰੇ ਸੱਜਣਾ ਆਉਣਾ ਹੋਜੇ

 ਦੀਵਾ, ਮੜ੍ਹੀ ਜਗਾਵਣ ਆਈ ਹਾਂ।

 ਜਿਸਦੀ ਯਾਦ ਕਦੇ ਨਾ ਭੁੱਲੀ

 ਓਸ ਮਨਾਵਣ ਆਈ ਹਾਂ।

 ਸੁਫ਼ਨਾ ਤਾਰੋ-ਤਾਰ ਹੈ ਕੀਤਾ

 ਗ਼ਮਾਂ ਨਿਗ੍ਹਾ ’ਤੇ ਵਾਰ ਹੈ ਕੀਤਾ

 ਵਿੱਚ ਪਿਆਰੇ ਦੀ ਤਲਾਸ਼

 ਜੂਹਾਂ ਫਰੋੋਲ਼ਨ ਆਈ ਹਾਂ।

 ਜਿਸਦੀ ਯਾਦ ਕਦੇ ਨਾ ਭੁੱਲੀ

 ਓਸ ਨੂੰ ਟੋਲ਼ਨ ਆਈ ਹਾਂ।

 ਕੁਦਰਤ ਦਾ ਸੋਮਾ ਖ਼ਾਸ

 ਜੇ ਉਹ ਕਰਦਾ ਨਾ ਵਿਨਾਸ਼

 ਸਾਹ ਬਿਨ ਖੌਰੇ ਨਾ ਮਰਦਾ

 ਪਿੱਪਲ਼ਾਂ ਲਾਵਣ ਆਈ ਹਾਂ।

 ਅੱਗੇ ਤੋਂ ਖਿਲਵਾੜ ਨਹੀਂ ਕਰਦੇ

 ਕਹਿ ਮਨਾਵਣ ਆਈ ਹਾਂ।

 ਨਾਨਕ ਸਾਹਿਬ ਨੇ ਮੇਰੇ ਕੋਲ਼

 ਗ਼ਮ ਤੱਕੜੀ ਰੱਖ ਦਿੱਤੇ ਤੋਲ

 ਮੋੜ ਦੇਵੇ ਜੇ ਸਰਬ ਦਾ ਢੋਲ

 ਉਹਦੇ ਰੰਗ ਰੰਗਣ ਆਈ ਹਾਂ।

 ਜਾਣੀ-ਜਾਣ ਵੀ ਜਾਣ ਗਿਆ

 ਕਿ ਤੈਨੂੰ ਮੰਗਣ ਆਈ ਹਾਂ।

📝 ਸੋਧ ਲਈ ਭੇਜੋ