ਪਾਂਧਾ ਪੜ੍ਹਨੇ ਪਾਇਆ

ਸਤਿਗੁਰ ਸੱਤ ਵਰ੍ਹਿਆਂ ਦੇ ਹੋਏ।

ਰਹਿੰਦੇ  ਭਗਤੀ ਦੇ  ਵਿਚ ਖੋਏ।

ਮਹਿਤਾ ਜੀ, ਪਾਂਧੇ ਘਰ ਆਏ।

ਬਾਲਕ  ਨਾਨਕ  ਪੜ੍ਹਨੇ ਪਾਏ।

ਪਾਂਧਾ ਗੋਪਾਲ ਜਿਨ੍ਹਾਂ ਦਾ ਨਾਂ।

ਦਿੰਦੇ   ਸਿੱਖਿਆ  ਇੱਕੋ  ਥਾਂ।

ਗਣਿਤ ਵਿਸ਼ਾ ਸਨ ਆਪ ਪੜ੍ਹਾਉਂਦੇ।

ਦੂਰੋਂ    ਨੇੜੋਂ     ਬਾਲਕ    ਆਉਂਦੇ।

ਗਿਣਤੀ ਬੋਲਣ ਨਾਲ ਬੁਲਾਉਂਦੇ।

ਬਾਲਕ  ਹੇਕਾਂ  ਲਾ ਲਾ  ਗਾਉਂਦੇ।

ਫੱਟੀ   ਉੱਤੇ   ਪੂਰਨੇ   ਪਾਉਂਦੇ।

ਬਾਲਕ ਫੱਟੀ ਲਿਖ ਦਿਖਾਉਂਦੇ।

ਬਾਲਕ ਗਿਣਤੀ ਬੋਲਣ ਲਾਏ।

ਨਾਨਕ ਜੀ ਸਨ ਕੋਲ ਬਿਠਾਏ।

ਬਾਲਕ ਨਾਨਕ ਕੁਝ ਨਾ ਬੋਲੇ।

ਪਾਂਧਾ   ਜੀ  ਆ   ਕੋਲੇ  ਬੋਲੇ।

ਨਾਨਕ ਗਿਣਤੀ ਬੋਲ ਸੁਣਾਓ।

ਫੱਟੀ  'ਤੇ   ਵੀ  ਅੰਕ  ਬਣਾਓ।

ਸਤਿਗੁਰ ਨਾਨਕ ਕਲਮ ਉਠਾਈ।

ਫੱਟੀ    ਪੱਟਾਂ    ਉੱਤੇ     ਟਿਕਾਈ।

੧ਓ  ਜਦ  ਲਿਖ  ਦਿਖਾਇਆ।

ਪਾਂਧਾ ਸੋਚਾਂ ਦੇ ਵਿਚ ਪਾਇਆ।

ਪਾਂਧਾ  ਬੋਲੇ  ਇਹ  ਕੀ  ਪਾਇਆ?

ਭੇਦ ਗੁਰਾਂ ਨੇ ਫਿਰ ਸਮਝਾਇਆ।

ਸ਼ਰਧਾ ਵਿਚ ਪਾਂਧਾ ਜੀ ਬੋਲੇ।

ਸਾਰੀ   ਵਿਦਿਆ  ਤੇਰੇ  ਕੋਲੇ।

ਮਹਿਤਾ ਜੀ ਨੂੰ ਹਾਲ ਸੁਣਾਇਆ।

ਨਾਨਕ, ਪਾਂਧਾ ਪੜ੍ਹਨੇ ਪਾਇਆ।

📝 ਸੋਧ ਲਈ ਭੇਜੋ