ਪਾਣੀ ਭਰਨ ਪਨਿਹਾਰੀਆਂ

ਪਾਣੀ ਭਰਨ ਪਨਿਹਾਰੀਆਂ, ਤੇ ਵੰਨੋ ਵੰਨ ਘੜੇ

ਭਰਿਆ ਉਸ ਦਾ ਜਾਣੀਏਂ, ਜਿਸ ਦਾ ਤੋੜ ਚੜ੍ਹੇ

ਉਹਾ ਲੱਜ ਚਰੱਕਲੀ ਉਹੋ ਖੂਹ ਦਾ ਘੇਰ

ਇਕ ਭੰਨੇ ਇਕ ਭਰ ਲਏ, ਇਹ ਲੇਖਾਂ ਦੇ ਫੇਰ

ਲੇਖਾਂ ਦੀ ਇਹ ਖੇਡ ਹੈ, ਜਦੋਂ ਇਹ ਦਿੰਦੇ ਹਾਰ

ਲੱਖਾਂ ਸੁਘੜ ਸਿਆਣੀਆਂ, ਭੰਨਣ ਅੱਧ ਵਿਚਕਾਰ

ਬੁਘਨੇ ਘੁੱਟ ਘੁੱਟ ਬੰਨ੍ਹੀਆਂ, ਤੇ ਨਵੀਂ ਲਿਆਈਆਂ ਲੱਜ

ਜਿਸ ਦਾ ਭੱਜਣਾ ਲਿਖਿਆ, ਉਸ ਦਾ ਜਾਣਾ ਭੱਜ

ਉਸ ਦੀ ਢਾਕ ਅੱਜ ਸੱਖਣੀ, ਜਿਸ ਨੇ ਭਰਿਆ ਕੱਲ੍ਹ

ਅੱਜ ਉਹ ਮੂਰਖ ਹੋ ਗਈ, ਕੱਲ੍ਹ ਜਿਸ ਨੂੰ ਸੀ ਵੱਲ

ਤੱਕਿਆ ਮਾਣ ਕਰੇਂਦੀਆਂ, (ਅਸਾਂ) ਘਾਗੇ ਹੱਥ ਫੜੇ

ਭਰਿਆ ਉਸ ਦਾ ਜਾਣੀਏਂ, ਜਿਸ ਦਾ ਤੋੜ ਚੜ੍ਹੇ

📝 ਸੋਧ ਲਈ ਭੇਜੋ