ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ
ਉਸਨੂੰ ਛੂਹਿਆ ਤਾਂ ਜਾ ਸਕਦਾ ਹੈ
ਫੜ੍ਹਿਆ ਨਹੀਂ ਜਾ ਸਕਦਾ
ਉਸ ਨਾਲ਼ ਤਰਲ ਹੋ ਕੇ ਰਲਿਆ ਜਾ ਸਕਦਾ ਹੈ
ਉਸਨੂੰ ਕਲਾਵੇ ਵਿੱਚ ਨਹੀਂ ਲਿਆ ਜਾ ਸਕਦਾ
ਕਲਾਵੇ ਵਿੱਚ ਮਹਿਸੂਸ ਹੁੰਦਾ ਉਸਦਾ ਵਜੂਦ
ਮਹਿਜ ਛਲਾਵਾ ਹੁੰਦਾ ਹੈ
ਔਰਤ ਦੇ ਤਨ ਤੱਕ ਪਹੁੰਚਣ ਦਾ ਪੈਂਡਾ
ਉਸਦੇ ਮਨ ਦੀਆਂ ਪਗਡੰਡੀਆਂ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ
ਸ਼ਾਹਰਾਹਾਂ ਰਾਹੀਂ ਸਿੱਧੇ ਔਰਤ ਦੇ ਤਨ ਤੱਕ
ਪਹੁੰਚਣ ਵਾਲ਼ੇ ਸ਼ਾਹਸਵਾਰ
ਅਕਸਰ ਉਸਦੇ ਮਨ ‘ਚੋਂ ਡਿੱਗ ਜਾਂਦੇ ਹਨ।
ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ
ਉਸ ਤੱਕ ਪਹੁੰਚਣ ਲਈ ਪਾਣੀ ਬਣਨਾ ਪੈਂਦਾ ਹੈ
ਜੇ ਤੁਹਾਨੂੰ ਉਸਦੀਆਂ ਅੱਖਾਂ ਦੇ
ਖਾਰੇ ਸਮੁੰਦਰਾਂ ‘ਚ ਤੈਰਨ ਦੀ ਜਾਚ ਹੈ
ਤਾਂ ਉਹ ਤੁਹਾਨੂੰ ਸੱਤ ਸਮੁੰਦਰਾਂ ਤੋਂ ਵੀ
ਅਗਾਂਹ ਦੀ ਸੈਰ ਕਰਵਾ ਸਕਦੀ ਹੈ
ਅਧਭੁਤ ਟਾਪੂਆਂ ਦੇ
ਅਲੌਕਿਕ ਦ੍ਰਿਸ਼ ਵਿਖਾ ਸਕਦੀ ਹੈ -
ਜਿੱਥੇ ਸਿਰਫ਼
ਹਵਾ ਤੇ ਪਰਿੰਦੇ ਬੋਲਦੇ ਨੇ
ਸੈਆਂ ਸਦੀਆਂ ਤੋਂ ਰਿਸ਼ੀਆਂ ਵਾਂਗ ਖੜ੍ਹੇ ਪਹਾੜਾਂ ਦੀ
ਚੁੱਪ ਦੀ ਅਵਾਜ਼ ਸੁਣਾਈ ਦਿੰਦੀ ਹੈ
ਚੋਟੀਆਂ ਤੋਂ ਵਹਿੰਦੇ ਝਰਨਿਆਂ ਦੀ ਕਲ ਕਲ
ਰੂਹ ਵਿੱਚ ਝਰਨਾਹਟ ਛੇੜਦੀ ਹੈ
ਜਿੱਥੇ ਚਾਰ ਚਫ਼ੇਰੇ ਉਕਰੀ ਹਰੀ ਕਚੂਰ ਇਬਾਰਤ
ਤੁਹਾਨੂੰ ਮਹਾਂ ਸੁੰਨ ‘ਚ ਲੈ ਜਾਂਦੀ ਹੈ
ਤੇ ਤੁਸੀਂ ਆਪਣੇ ਆਪ ਵਿੱਚ ਤੈਰਨ ਲਗਦੇ ਹੋ।
ਔਰਤ ਦੇ ਹਾਸਿਆਂ ਦੇ ਸ਼ਰਾਟਿਆਂ ਦੀ ਗੀਤ ਮਾਣਣ ਲਈ
ਉਸਦੇ ਹਉਕੇ ਹਟਕੋਰਿਆਂ ਦਾ ਵੈਰਾਗਮਈ ਸੰਗੀਤ ਵੀ ਸੁਣਨਾ ਪੈਂਦਾ ਹੈ
ਜੇ ਤੁਸੀਂ ਉਸਦੀ ਜ਼ਿੰਦਗੀ ‘ਚ ਮੀਲਾਂ ਤੀਕ ਫ਼ੈਲੇ ਖ਼ੁਸ਼ਕ ਮਾਰੂਥਲਾਂ ‘ਚ
ਉਸਦੇ ਅੰਗ ਸੰਗ ਨਾਲ਼ ਨਾਲ਼ ਤੁਰਦੇ ਹੋ
ਫਿਰ ਉਹ ਤੁਹਾਨੂੰ ਕਦੇ ਕੋਹਕਾਫ਼ ਦੇ ਪਰੀ ਦੇਸ ‘ਚ
ਕਦੇ ਅਕਾਸ਼ ਗੰਗਾ ‘ਚ ਉਡਾ ਕੇ ਲਿਜਾ ਸਕਦੀ ਹੈ
ਔਰਤ ਅਸੰਖ ਤੈਹਾਂ ‘ਚ ਬੇਅੰਤ ਜ਼ਿੰਦਗੀਆਂ ਜਿਊਂਦੀ ਹੈ
ਤੇ ਇਹਨਾਂ ਸਾਰੀਆਂ ਤਹਿਆਂ ਦੀਆਂ ਪੌੜੀਆਂ ਉਤਰਨਾ
ਹਾਰੀ-ਸਾਰੀ ਦੇ ਵੱਸ ਨਹੀਂ ਹੁੰਦਾ
ਔਰਤ ਨੂੰ ਜਿਸਮ ਸਮਝ ਕੇ ਮਿਲ਼ਣ ਵਾਲ਼ੇ ਮਰਦ
ਅੰਮ੍ਰਿਤਪਾਨ ਦੀ ਬਜਾਏ ਉਸਦੇ ਪਹਿਲੇ ਪੱਤਣਾਂ ਦੇ
ਗੰਧਲੇ ਪਾਣੀਆਂ ‘ਚ ਹੀ ਡੁੱਬ ਮਰਦੇ ਨੇ
ਖ਼ੂੰਖਾਰੀ ਹੰਕਾਰੀ ਤੇ ਹੁਕਮਰਾਨ ਲਹਿਜੇ ਵਾਲ਼ੇ
ਔਰਤ ਦੇ ਵਜੂਦ ਦੀਆਂ ਬਰੂਹਾਂ ਦੇ
ਬਾਹਰ ਖੜ੍ਹੇ ਹੀ ਜੇਤੂ ਹੋਣ ਦਾ
ਭਰਮ ਪਾਲ਼ੀ ਰੱਖਦੇ ਹਨ
ਔਰਤ ਨੂੰ ਮਿਲ਼ਨ ਲਈ
ਜੇਤੂ ਜਰਨੈਲ ਵਾਂਗ ਨਹੀਂ
ਬਲਕਿ ਕਿਸੇ ਮੁਕੱਦਸ ਅਸਥਾਨ ਦੀ
ਜ਼ਿਆਰਤ ਕਰਨ ਆਏ ਫ਼ਕੀਰ ਵਾਂਗ
ਜੁੱਤੀ ਬਾਹਰ ਲਾਹ ਕੇ ਆਉਣਾ ਪੈਂਦਾ ਹੈ
ਉਸਦੇ ਮਨ ਦੇ ਮਾਨਸਰੋਵਰਾਂ ‘ਚ
ਇਸ਼ਨਾਨ ਕਰਨਾ ਪੈਂਦਾ ਹੈ
ਸਤਿਕਾਰ ਨਾਲ਼ ਪਰਿਕਰਮਾਂ ਕਰਨੀ ਪੈਂਦੀ ਹੈ
ਔਰਤ ਤਨ-ਜੀਵ ਨਹੀਂ ਮਨ-ਜੀਵ ਹੈ
ਔਰਤ ਜ਼ਿੰਦਗੀ ਨਹੀਂ ਜਜ਼ਬੇ ਜੀਂਦੀ ਹੈ
ਔਰਤ ਨੂੰ ਮਿਲ਼ਨ ਲਈ ਮਰਦ ਨਹੀਂ
ਔਰਤ ਬਣਨਾ ਪੈਂਦਾ ਹੈ
ਔਰਤ ਨੂੰ ਮਿਲ਼ਨ ਲਈ ਬੰਦੇ ਜਿੱਡਾ ਨਹੀਂ
ਕਾਇਨਾਤ ਜਿੱਡਾ ਬਣਨਾ ਪੈਂਦਾ ਹੈ