ਨਾ ਕੋਈ ਇਹਦੀ ਰੰਗਣ ਸਮਝੇ

ਨਾ ਕੋਈ ਇਹਦਾ ਢੰਗ

ਬੇਰੰਗਾ ਇਹ ਵੇਖਣ ਨੂੰ ਹੈ

ਫਿਰ ਵੀ ਕਿੰਨੇ ਰੰਗ

ਪਹਿਲੇ ਜੀਵ ਦੀ ਰਚਨਾ ਇਹਤੋਂ

ਆਖਰੀ ਦਾ ਵੀ ਅੰਤ

ਇਹਦੀ ਬਣਤ ਬਨਾਵਣ ਵਾਲਾ

ਆਪੇ ਜਾਣੇ ਕੰਤ

ਚੁਲੀਆਂ ਵਿਚ ਵੀ ਜਾਂਦਾ

ਸਾਗਰ ਰੂਪ ਵਿਸ਼ਾਲ

ਮੰਗਲ ਤੀਕਰ ਪਹੁੰਚ ਗਏ ਖੋਜੀ

ਕਰਦੇ ਇਹਦੀ ਭਾਲ

ਪਿਤਾ ਦਾ ਦਰਜਾ ਦਿੱਤਾ ਗੁਰੂਆਂ

ਜਾਣ ਕੇ ਏਹਦੇ ਗੁਣ

ਕੱਲਾ ਬੈਠ ਕੇ ਨਦੀ ਕਿਨਾਰੇ

ਇਹਦੀਆਂ ਗੱਲਾਂ ਸੁਣ

ਇਹਦੇ ਵਾਂਗੂੰ ਸੂਖਮ ਹੋ ਕੇ

ਸਥੂਲ ਦੀ ਪਿਆਸ ਬੁਝਾ

ਤੂੰ ਵੀ ਸ਼ੀਰਾਜ਼ਾ ਅੰਮ੍ਰਿਤ ਬਣ

ਤੇ ਮਿੱਟੀ ਦੇ ਸੰਗ ਗਾ  ।

📝 ਸੋਧ ਲਈ ਭੇਜੋ