ਉੱਠ ਸਵੇਰੇ ਤੜਕੇ ਸੀ, ਮੈਂ ਰੱਬ ਦਾ ਨਾਮ ਧਿਆਇਆ।
ਗਲ਼ਾ ਆਪਣਾ ਤਰ ਕਰਨੇ ਲਈ, ਗਿਲਾਸ ਸੀ ਇੱਕ ਉਠਾਇਆ।
ਲੱਭਾਂ ਪਾਣੀ ਇੱਧਰ-ਉੱਧਰ, ਪਰ ਨਜ਼ਰੀਂ ਨਹੀਂ ਆਇਆ।
ਪਾਗਲਾਂ ਵਾਂਗਰ ਘੁੰਮਣ ਲੱਗਾ, ਸਭ ਆਂਢ-ਗੁਆਂਢ ਤਿਹਾਇਆ।
ਸੁੱਕ ਗਏ ਸਭ ਸੋਮੇ ਲੱਗਦੇ, ਕੀ ਭਾਣਾ ਵਰਤਾਇਆ? ਔਰਤ,
ਮਰਦ, ਬੱਚਾ, ਬੁੱਢਾ, ਮੱਛੀ ਵਾਂਗ ਤੜਫਾਇਆ।
ਕੂਕਾਂ, ਚੀਕਾਂ, ਵੈਣ ਰੌਲੇ ਨੇ, ਦਿਲ ਮੇਰਾ ਦਹਿਲਾਇਆ।
ਲੱਤਾਂ ਕੰਬਣ, ਸਾਹ ਸੁੱਕੇ ਮੇਰਾ, ਅੱਖੀਂ ਨੇਰ੍ਹਾ ਛਾਇਆ।
ਸਭ ਦੇ ਮੂੰਹ ਤੇ ਮੌਤਾਂ ਛਾਈਆਂ, ਰੱਬ ਦਾ ਚੇਤਾ ਆਇਆ।
ਰੁੱਖੀ-ਸੁੱਕੀ ਪਾਟੀ ਧਰਤ ਤੇ, ਡਿੱਗ ਚੇਤਾ ਸਭ ਆਇਆ।
ਦੁਰਵਰਤੋਂ ਨੂੰ ਰੋਕਣ ਲਈ ਸੀ, ਸਭ ਨੂੰ ਵਾਸਤਾ ਪਾਇਆ।
ਪਰ ਕਿਸੇ ਨਾ ਸੁਣੀ ਸੀ ਮੇਰੀ, ਅੱਖੀਂ ਘੱਟਾ ਪਾਇਆ।
ਇਸ ਬਿਨ ਸਭ ਕੁਝ ਮਿਟ ਜਾਣਾ, ਨਾ ਰਹਿਣੀ ਕੋਈ ਕਾਇਆ।
ਉੱਠੋ ਲੋਕੋ ਜਾਗੋ ਹੁਣ ਤਾਂ, ਜਾਗਣ ਦਾ ਵੇਲਾ ਆਇਆ।
ਕੁਦਰਤ ਰਹੀ ਝੰਜੋੜ ਹੈ 'ਸੁੱਖਿਆ', ਦਿਲ ਮੇਰਾ ਭਰ ਆਇਆ।
ਪਹੁ ਫੁੱਟਣ ਦਾ ਵੇਲਾ ਸੀ, ਮੇਰੀ ਮਾਂ ਨੇ ਆਣ ਜਗਾਇਆ।
ਇਸ ਸੁਪਨੇ ਨੇ ਮੇਰੀ ਰੂਹ ਨੂੰ, ਅੰਦਰ ਤੱਕ ਕੰਬਾਇਆ।
ਪਾਣੀ ਪਿਤਾ ਗੁਰੂਆਂ ਦੀ ਬਾਣੀ, ਸਭ ਨੂੰ ਹੈ ਸਮਝਾਇਆ।
ਬੂੰਦ ਬੂੰਦ ਨਾ ਰੋੜ੍ਹੋ ਐਂਵੇਂ,
ਇਹ ਅਨਮੋਲ ਸਰਮਾਇਆ।