ਪਾਣੀ ਸਾਂਭ ਲਓ

ਸਾਨੂੰ ਸੁਨੇਹੇ ਭੇਜਦੇ ਕਿ ਪਾਣੀ ਸਾਂਭ ਲਓ

 ਧਰਤੀ 'ਚੋਂ ਮੁੱਕਦਾ ਜਾਂਦਾ ਏ।

 ਤੇਰੇ ਲਈ ਕੋਈ ਅਸੂਲ ਨਹੀਂ

 ਜੋ ਭਰ ਦਰਿਆ ਵਗਾਉਂਦਾ ਏਂ?

 ਆਹ ਬੱਦਲ ਬੱਦਲ਼ੀਆਂ ਤੇਰੇ

 ਕਹਿਣੇ ਤੋਂ ਕਾਹਤੋਂ ਬਾਹਰ ਨੇ।

 ਇਹ ਆਪਮੁਹਾਰੇ ਫਟ ਕੇ

 ਤੇਰੀ ਰਜ਼ਾ ਰਹੇ ਲਲਕਾਰ ਨੇ।

 ਹਵਾਵਾਂ, ਫ਼ਿਜ਼ਾਵਾਂ ਦੇ ਰੁਖਾਂ ਨੂੰ

 ਸੁਣਿਆ ਬਦਲ਼ ਤੂੰ ਸਕਦਾ ਏਂ।

 ਹਨੇਰੀਆਂ ਅਤੇ ਤੂਫ਼ਾਨਾਂ ਦੇ

 ਮੂੰਹ ਮੋੜ ਤੂੰ ਸਕਦਾ ਏਂ।

 ਤੈਨੂੰ ਕਿਸ ਦਾ ਡਰ-ਭੈ ਹੈ

 ਤੂੰ ਕਿਸ ਗੱਲੋਂ ਡਰਦਾ ਏਂ।

 ਬੰਦੇ ਤੇ ਤੋਹਮਤ ਲੱਗਦੀ ਹੈ

 ਤੂੰ ਕਿਉਂ ਗੰਦਾ ਕਰਦਾ ਏਂ।

 ਤੂੰ ਅੰਬਰਾਂ ਜਦ ਧੋਂਦਾ

 ਕੀ ਵੇਖ ਬੇਅਦਬੀ ਰੋਂਦਾ ਏਂ।

 ਅਮੀਰ ਦੇ ਮਹਿਲੀਂ ਵੜਦਾ ਨਹੀਂ

 ਗਰੀਬਾਂ ਕਿਉਂ ਛੱਤਾਂ ਢਾਹੁੰਦਾ ਏਂ।

 ਇਹ ਨਿੱਕੇ-ਮੋਟੇ ਵਾਰ ਕਰ

 ਕੀ ਬੰਦੇ ਨੂੰ ਸਮਝਾਉਂਦਾ ਏਂ?

 ਕੁਦਰਤੀ ਖਿਲਵਾੜਾਂ ਬੰਦ ਕਰੀਏ

 ਰਹੀਏ ਵਿੱਚ ਰਜ਼ਾ ਜੋ ਚਾਹੁੰਦਾ ਏਂ?

 ਮੇਰਾ ਤੇਰੇ ਵਿੱਚ ਵਿਸ਼ਵਾਸ ਬੜਾ

 ਸਰਬ ਤੋਂ ਦੱਸ ਕੀ ਚਾਹੁੰਦਾ ਏ।

 ਮਨਜੂਰ ਤੇਰਾ ਹਰ ਫ਼ੈਸਲਾ,

 ਤੂੰ ਵੀ ਮਨ-ਆਈਆਂ ਬੰਦ ਕਰ।

 ਇਹ ਪਾਣੀ ਸੁੱਚੇ ਰੋੜ੍ਹ ਨਾ

 ਤਕ ਹੜ ਬੇਅਦਬੀ ਬੰਦ ਕਰ।

 ਸਤਿ ਕਰਤਾਰ ਪਿਆਰਿਆ

 ਤੇਰੇ ਹੁੰਦੇ ਸਬਕ ਨਿਆਰੇ ਆ।

 ਤੂੰ ਮਾਲਕ ਹੈਂ, ਬੰਦੇ ਹੁਕਮ ਛੱਡ

 ਕਿ ਭੈੜੇ ਛੱਡਣੇ ਪੈਣੇ ਕਾਰੇ ਆ।

📝 ਸੋਧ ਲਈ ਭੇਜੋ