ਮੈਨੂੰ ਆਪਣੇ ਸਾਹ ਵਿਚੋਂ
ਬਦਬੂ ਆਉਂਦੀ ਹੈ
ਸ਼ਾਮ ਸਵੇਰੇ
ਚਾਨਣ ਨੇਰ੍ਹੇ
ਹਰਦਮ ਰਹੇ ਰੂ-ਬ-ਰੂ ਮੇਰੇ
ਪੀੜ੍ਹ ਪਰੁਤੀ
ਲਹੂ 'ਚ ਲਿਬੜੀ
ਇਕ ਅਧੂਰੀ ਲੋਥ ਨਿਆਣੀ
ਸ਼ੁਕਰ ਹੈ
ਪਿਉ ਮੇਰੀ ਦੀ ਪੱਗ ਨੂੰ ਕੋਈ ਦਾਗ਼ ਨਾ ਲੱਗਾ
ਮੈਂ ਉਸਦੀ ਧੀ ਬੀਬੀ ਰਾਣੀ
ਪਰ ਹੁਣ ਮੈਥੋਂ
ਆਪਣਾ ਆਪ ਨਾ ਚੁੱਕਿਆ ਜਾਂਦਾ
ਭਾਰੀ ਭਾਰੀ ਲਗਦੀ ਮੈਨੂੰ
ਮੈਲੀ ਹੋਈ ਦੇਹ ਦੀ ਮਿੱਟੀ
ਮੇਰੇ ਸੁਪਨ ਸਰਾਪੇ ਹੋਏ
ਮੇਰੀ ਸਾਰੀ ਨੀਂਦਰ ਭਿੱਟੀ
ਸੋਚਾਂ ਦੇ ਮੂੰਹ ਨੇਰ੍ਹੇ
ਦਿਲ ਦਾ ਸ਼ੀਸ਼ਾ ਮੂਹਰੇ ਰਹਿੰਦਾ
ਪਾਪੀ ਸ਼ਕਲ ਨਮੋਸ਼ੀ ਵਾਲੀ
ਕਿਹੜੀ ਬੁਕਲ ਕੱਜਾਂ
ਕਿਥੇ ਸੁੱਟ ਦਿਆਂ ਮੈਂ
ਮਿੱਟੀ ਨਾਲੋਂ ਮੈਲ ਤੋੜਕੇ
ਆਪਣੇ ਪ੍ਰਛਾਵੇਂ ਤੋਂ ਬਚਕੇ
ਕਿਥੇ ਭੱਜਾਂ
ਮੈਨੂੰ ਆਪਣੇ ਸਾਹ ਵਿਚੋਂ ਬਦਬੂ ਆਉਂਦੀ ਹੈ।