ਪਦਮਾ ਰਤਾ ਕੁ ਨੀਵੀਂ ਹੋ ਜਾ
ਅਸਾਂ ਪਾਰਲੇ ਕੰਢੇ ਜਾਣਾ
ਓਥੇ ਜਿੱਥੇ ਸ਼ਹਿਰ ਦੀ ਸ਼ਾਹਰਗ ਤੇ
ਤਲਵਾਰ ਕਿਸੇ ਰੱਖ ਦਿੱਤੀ
ਓਥੇ ਜਿੱਥੇ ਸੜਕਾਂ ਸੁੱਤੀਆਂ ਨਗਨ ਯੋਨੀਆਂ
ਵਿਚ ਹਾਕਮਾਂ ਕੀੜ ਮਕੌੜੇ ਬਾਲ ਧਰੇ ਨੇ
ਜਿੱਥੇ ਬੱਚੇ ਗੁੱਸੇ ਵਿਚ ਚੁਰਾਹਿਆਂ ਸੁੱਤੇ
ਠੰਡੀ ਰਾਤੇ
ਕਹਿੰਦੇ ਅਸੀਂ ਨਹੀਂ ਜਾਗਾਂਗੇ
ਪਾਸਾ ਤਕ ਵੀ ਨਹੀਂ ਪਰਤਾਂਗੇ
ਜਦ ਤਕ ਸਾਡੀਆਂ ਮਾਵਾਂ ਨਾਲ ਸਿਪਾਹੀਆਂ ਗਈਆਂ
ਅਪਣੇ ਘਰਾਂ ਨੂੰ ਮੁੜ ਨਾ ਆਵਣ
ਆ ਕੇ ਸਾਨੂੰ ਆਪ ਜਗਾਵਣ
ਓਥੇ ਜਿੱਥੇ ਸੜਦੇ ਘਰਾਂ 'ਚੋਂ
ਨੂੰਹਾਂ ਧੀਆਂ ਬਾਹਰ ਨਾ ਨਿਕਲਣ
ਆਖਣ ਅੰਦਰ ਬਲਦੀ ਅੱਗ ਦਾ ਭੋਛਣ ਚੰਗਾ
ਬਾਹਰ ਨੰਗੀ ਨਜ਼ਰ ਖਲੋਤੀ
ਪਦਮਾ ਰਤਾ ਕੁ ਨੀਵੀਂ ਹੋ ਜਾ
ਵਰਨਾ ਸਾਡੇ ਸ਼ਹਿਰ ਦੀ ਸ਼ਾਹਰਗ ਵੱਢੀ ਜਾਊ
ਸੜਕਾਂ ਉੱਤੇ ਨਗਨ ਯੋਨੀਆਂ
ਜੇ ਜਣ ਦਿੱਤੇ ਕੀੜ-ਮਕੌੜੇ
ਨਸਲ ਮਨੁੱਖ ਦੀ ਕੀੜ-ਮਕੌੜਾ ਹੋ ਜਾਵੇਗੀ
ਰੁੱਸੇ ਬੱਚੇ ਵਿਚ ਚੁਰਾਹਿਆਂ ਰਹਿਣਗੇ ਸੁੱਤੇ
ਹੋਰ ਰਤਾ ਜੇ ਦੇਰ ਹੋ ਗਈ
ਨਾਲ ਸਿਪਾਹੀਆਂ ਗਈਆਂ ਮਾਵਾਂ
ਫੇਰ ਘਰਾਂ ਨੂੰ ਨਹੀਂ ਪਰਤਣਾ
ਘਰ ਤੇ ਬੂਹੇ ਉਪਰ ਨੰਗੀ ਨਜ਼ਰ ਰਹੀ ਜੇ ਹੋਰ ਖਲੋਤੀ
ਨੂੰਹਾਂ ਧੀਆਂ ਅੱਗ ਦੇ ਭੋਛਣ ਵਿਚੋਂ
ਬਾਹਰ ਨਹੀਂ ਨਿਕਲਣਾ
ਪਦਮਾ ਰਤਾ ਕੁ ਨੀਵੀਂ ਹੋ ਜਾ
ਅਸਾਂ ਪਾਰਲੇ ਕੰਢੇ ਜਾਣਾ