ਪੜਛਤੀਆਂ 'ਤੇ ਜੰਗ

ਉਠੋ ਗ਼ਾਜ਼ੀਓ

ਮੋਰਚਿਆਂ ਵਿਚ ਕਿਉਂ ਬੈਠੇ ਹੋ ?

ਅਸਲੀ ਜੰਗ ਤਾਂ ਪੜਛਤੀਆਂ 'ਤੇ ਲੜੀ ਜਾਏਗੀ 

ਵਧੋ ਪਿਛਾਂਹ ਨੂੰ

ਬੰਗਾਲੀ ਪੜਛਤੀਆਂ ਉਪਰ ਧਾਵਾ ਬੋਲੋ 

ਬੰਦੂਕਾਂ ਕਰ ਲੋਡ ਮੋਢਿਆਂ 'ਤੇ ਲਟਕਾਉ 

ਹੱਥਾਂ ਵਿਚ ਮਸਾਲਾਂ ਫੜ ਲਉ ਆਪ ਬਾਲ ਕੇ 

ਸਭ ਤੋਂ ਅਫ਼ਜ਼ਲ ਅਜ ਸਾਡਾ ਹਥਿਆਰ ਅੱਗ ਹੈ

ਰਸਤੇ ਵਿਚ ਅਜਨਬੀ ਨਦੀਆਂ 

ਨਾਲ ਪੁਲਾਂ ਦੇ ਕਜੀਆਂ ਹੋਈਆਂ 

ਪਾਰ ਉਤਰ ਕੇ

ਤੋੜ ਦਿਓ ਬੇਸ਼ਰਮ ਪੁਲਾਂ ਦੀ ਹਰ ਗਲਵਕੜੀ 

ਰਹਿਣ ਦਿਓ ਇਹ ਕਾਫ਼ਰ ਨਦੀਆਂ 

ਅਲਫ਼ ਦੁਪਹਿਰੇ ਅਲਫ਼ ਨੰਗੀਆਂ

ਉਇ ਬੁਤਸ਼ਿਕਨੋ 

ਅੱਵਲ ਫਰਜ਼ ਤੁਹਾਡਾ ਅਜ ਦੇ ਦਿਨ ਪੁਲਸ਼ਿਕਨੀ

ਰਸਤੇ ਦੇ ਵਿਚ ਕਸਬੇ, ਪਿੰਡ ਸ਼ਹਿਰ ਆਵਣਗੇ 

ਸ਼ਹਿਰ ਖ਼ਮੋਸ਼ਾਂ ਵਰਗੇ ਏਥੇ ਹਰ ਆਬਾਦੀ 

ਹਰ ਇਕ ਬੂਹਾ ਬੰਦ ਬੰਗਾਲੀ ਬੰਦੇ ਵਰਗਾ 

ਲੱਗੇਗਾ ਜਿਉਂ ਹਵਾ ਵੀ ਏਥੇ ਸਾਹ ਨਹੀਂ ਲੈਂਦੀ 

ਯਾਰ ਗ਼ਾਜ਼ੀਓ

ਵੇਖੋ ਕਿਤੇ ਖ਼ਤਾ ਨਾ ਖਾਣਾ

ਇਹਨਾਂ ਕਬਰਾਂ ਦੇ ਅੰਦਰ ਮੁਰਦੇ ਜੀਊਂਦੇ ਨੇ 

ਸਾੜ ਦਿਓ ਖ਼ਾਮੋਸ਼ ਮੀਸਣੇ ਇਹ ਦਰਵਾਜ਼ੇ 

ਤਾਕ ਦੇ ਪਿੱਛੇ ਕੋਈ ਕੋਈ ਲੁਕਿਆ 

ਸਾਜ਼ਸ਼ ਵਰਗਾ ਬੰਦਾ

ਇਹਨਾਂ ਦਾ ਇਸਲਾਮ ਵੀ ਯਾਰੋ 

ਇਕ ਸਾਜ਼ਸ਼ ਹੈ

ਫ਼ਰਜ਼ੀ ਦਾਹੜੀ ਹੇਠਾਂ 

ਅਸਲੀ ਕਾਫ਼ਰ ਚੇਹਰਾ

ਪੁੱਛਣ 'ਤੇ ਕੁਝ ਨਹੀਂ ਦੱਸੇਗਾ ਮੋਮੋਠਗਣਾ 

ਹੋਰ ਕੱਸ ਕੇ ਮੀਟ ਲਵੇਗਾ ਬੁੱਲ੍ਹ ਆਪਣੇ 

ਪਹਿਨ ਲਵੇ ਸਲਵਾਰ ਜਿਵੇਂ ਕੋਈ ਜ਼ੰਖਾ 

ਮਾਰ ਕੇ ਸੌ ਗੰਢਾਂ ਆਜ਼ਾਰਬੰਦ ਨੂੰ 

ਝੁਲਸ ਦਿਓ ਇਹਨਾਂ ਦੇ ਸੁਥਣਾਂ ਵਰਗੇ ਬੂਥੇ 

ਕੱਢ ਲਵੋ ਉਹਨਾਂ 'ਚੋਂ ਸ਼ੈ ਅਪਣੇ ਮਤਲਬ ਦੀ

ਵਧਦੇ ਜਾਵੋ

ਵਿਹੜਾ ਜੇਕਰ ਬਿਆਬਾਨ ਵੀਰਾਨਾ ਦਿੱਸੇ 

ਸੱਚ ਨਾ ਜਾਣੋ

ਵਿਹੜੇ ਦੀ ਖੂਹੀ ਨੂੰ ਚੁੱਕੋ ਤੇ ਉਲਟਾਓ 

ਹੋ ਸਕਦਾ ਹੈ

ਪਾਣੀ ਵਿਚ ਦਮ ਰੋਕ ਕੇ ਕੋਈ ਲੁਕਿਆ ਹੋਵੇ 

ਧੁਰ ਅੰਦਰਲੀ ਕੋਠੀ ਤੀਕਣ ਵਧਦੇ ਜਾਵੋ 

ਅਸਲੀ ਜੰਗ ਏਥੇ ਹੀ ਹੋਊ 

ਲੱਗੇਗਾ ਜਿਉਂ ਕੋਠੀ ਨੇ ਸਾਹ ਰੋਕੇ ਹੋਏ 

ਘਰ ਵਾਲੇ ਸਭ ਤੁਰ ਗਏ ਵਾਂਢੇ 

ਨਹੀਂ ਨਹੀਂ ਬੰਗਾਲੀ ਬਹੁਤ ਘਰੇਲੂ

ਵਾਂਢੇ ਕਦੇ ਜਾਂਦੇ

ਸਿੱਲ੍ਹੀ ਭੋਂ ਵਿਚ ਤੁਰਦੀਆਂ ਸੁੰਡੀਆਂ 

ਘਰ ਤੋਂ ਦੂਰ ਇਨ੍ਹਾਂ ਕੀ ਜਾਣੈ

ਬਿਸਮਿੱਲਾ ਕਹਿ ਚੜ੍ਹ ਜਾਵੋ ਪੜਛਤੀਆਂ ਉਤੇ 

ਏਥੇ ਲੁਕੀ ਮਿਲੇਗੀ ਫ਼ੌਜ ਯਜ਼ੀਦੀ ਨੁੱਕਰੇ ਲੱਗੀ 

ਡੋਲ੍ਹ ਇਹਨਾਂ 'ਤੇ ਕੁੱਲ ਮਸ਼ਾਲਾਂ 

ਸਾੜ ਦਿਉ ਇਸ ਕੀੜਨਗਰ ਨੂੰ 

ਪਰ ਸਾੜਣ ਤੋਂ ਪਹਿਲਾਂ

ਸ਼ੈ ਆਪਣੇ ਮਤਲਬ ਮੇਰੇ ਮਤਲਬ ਦੀ 

ਆਪਣੇ ਕਾਬੂ ਵਿਚ ਕਰ ਲੈਣਾ

📝 ਸੋਧ ਲਈ ਭੇਜੋ