ਰੰਗ ਬਰੰਗੀਆਂ

ਲੀਰਾਂ ਚੁਗ ਚੁਗ ਸਿਰ ਤੇ ਬੰਨ੍ਹਦਾ

ਟੀਨ ਅਤੇ ਗੱਤੇ ਦੇ

ਖ਼ਾਲੀ ਡੱਬੇ ਕੱਠੇ ਕਰਦਾ

ਠੀਕਰਆਂ ਤੇ

ਕੱਚ ਦੇ ਤਿੱਖੇ ਟੁਕੜਿਆਂ ਨਾਲ ਉਹਨਾਂ ਨੂੰ ਭਰਦਾ

ਰੌਣਕ ਦੇ ਘੱਟੇ ਨੂੰ ਤੱਕਦਾ

ਰੌਲੇ ਰੱਪੇ ਥਾਣੀ

ਚੁੱਪ ਧਾਰ ਕੇ ਲੰਘਦਾ

ਚਿਹਰੇ ਦੀਆਂ ਝੁਰੜੀਆਂ ਦੇ ਵਿਚ

ਲੰਮੇ ਸਮੇਂ ਦੀ ਮੈਲੀ ਧੂੜ ਹੈ ਜੰਮੀ ਹੋਈ

ਜਦੋਂ ਬੋਲਦਾ

ਆਮ ਸਮਝ ਤੋਂ ਟੁੱਟੀਆਂ ਗੱਲਾਂ

ਆਪਣੇ ਆਪ ਨਾਲ ਹੀ ਜਿਵੇਂ ਸਲਾਹਾਂ ਕਰਦਾ

ਕਿਸੇ ਭਿਆਨਕ ਦੁਰਘਟਨਾ ਦੀ

ਸ਼ਾਇਦ ਦਿਆਂ ਬੁਲ੍ਹਿਆਂ ਨਾਲ ਗਲਾਂ ਕਰਦਾ

ਕਲ੍ਹ ਹਾਕਮ ਨੇ ਹੁਕਮ ਸੁਣਾਇਆ

ਮੁਜਰਮ ਆਪੇ ਫੜ ਹੋ ਜਾਊ 

ਵਕਤ ਹੋ ਗਿਆ

ਤਾਰੋ ਅਜੇ ਸਕੂਲੋਂ ਪੜ੍ਹ ਕੇ ਕਿਉਂ ਨਹੀਂ ਆਈ

ਲੋਕੀ ਕਹਿੰਦੇ ਮਸਤ ਮਲੰਗ ਹੈ

ਧੁਰ ਦਾ ਵਾਕਫ਼

ਜਾਣੀ ਜਾਣ ਪਹੁੰਚਿਣ ਹੋਇਆ 

ਜੂਏ ਬਾਜ਼

ਦੜੇ ਦਾ ਨੰਬਰ ਪੁੱਛਣ ਵਾਲੇ 

ਇਸ ਦੇ ਪਿੱਛੇ ਲੱਗੇ ਰਹਿੰਦੇ।

📝 ਸੋਧ ਲਈ ਭੇਜੋ