ਪਗਬੋਸੀਆਂ

(ਤੇਰੇ ਪੈਰਾਂ ਦੇ ਨਾਮ)

ਓਹ ਜੋ ਸਾਡੀ ਮਸ਼ਕਰੀ ਦੇ ਮੇਚ ਦਾ

ਓਹ ਜੋ ਸਾਡੀ ਧੁਖਧੁਖੀ ਨੂੰ ਜਾਣਦਾ

ਓਹ ਕਿ ਜਿਸ ਨੂੰ ਸੁਬਕਤਾ ਦੇ ਫੁੱਲ 'ਤੇ

ਸ਼ੌਂਕ ਹੈ ਅੱਠ ਪਹਿਰ ਹੀ ਮੰਡਲਾਣ ਦਾ

ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ

ਫੁੱਲ ਆਇਆ ਮੱਥੜੇ ਦੀ ਵੇਲ 'ਤੇ

ਪੱਤ ਹਰਿਆ ਇਸ਼ਕੜੇ ਦੀ ਪਾਨ ਦਾ

ਝਾੜ ਚੂਨਾ ਚੇਤਰਾਂ ਦੇ ਚੰਨ ਤੋਂ

ਕੱਥੜਾ ਲਾ ਖੈਰ ਤੇ ਖੁਰਮਾਣ ਦਾ

ਜੀ ਬੜਾ ਹੈ ਪਾਨ ਦੇ ਇਸ ਪੱਤ ਨੂੰ

ਓੜਕਾਂ ਦਰ ਓੜਕਾਂ ਚੱਬਾਣ ਦਾ

ਵਕਤ ਦੇ ਸਿਰਿਆਂ ਦੇ ਤੱਕ ਲੈ ਜਾਣ ਦਾ

ਫੇਰ ਸਿਰਿਓਂ ਆਦਿ ਨੂੰ ਰਿਸਕਾਣ ਦਾ

ਟਿਮਕ ਆਏ ਚਰਖ਼ ਥੀਂ ਗੁੰਮ ਜਾਣ ਦਾ

ਤਾਰਿਆਂ ਦੀ ਬਾਤ ਕੋਈ ਪਾਣ ਦਾ

ਹੌਲ਼ੀ-ਹੌਲ਼ੀ ਮੰਦ-ਮੰਦ ਮੁਸਕਾਣ ਦਾ

ਥੋੜ੍ਹਾ-ਥੋੜ੍ਹਾ ਬੁੱਲ੍ਹੀਆਂ ਫੁਰਕਾਣ ਦਾ

ਓਹ ਕਿ ਜਦ-ਜਦ ਹੱਸਦਾ ਫੁੱਲ ਬਰਸਦੇ

ਓਹ ਜੋ ਡਾਢਾ ਮਿੱਠੜਾ ਜ਼ੁਬਾਨ ਦਾ

ਰਾਤ ਦੇ ਪਹਿਲੇ ਪਹਿਰ ਕੋਈ ਪਿੱਪਲੀ

ਛੇੜਦੀ ਹੈ ਰਾਗ ਜਿਉਂ ਕਲਿਆਣ ਦਾ

ਓਹ ਕਿ ਉਹ ਕਿ ਜਿਹੜਾ ਉਸ ਵੇਲੇ ਬਹੁੜਿਆ

ਜਦ ਸੀ ਬੇੜਾ ਡੁੱਬਿਆ ਈਮਾਨ ਦਾ

ਜਦ ਸੀ ਹਰ ਪਾਸੇ ਹੀ ਖਿੱਲੀ ਮੱਚਦੀ

ਜਦ ਕਿ ਕੋਈ ਵੀ ਨਹੀਂ ਸੀ ਸਿਆਣਦਾ

ਜਦ ਸੀ ਮਰਜ਼ਾਂ ਡਾਢੀਆਂ ਕੁਪੱਤੀਆਂ

ਨੁਸਖ਼ਾ ਵੀ ਝੂਠਾ ਪੈ ਗਿਆ ਲੁਕਮਾਨ ਦਾ

ਮੈਂ ਕੰਡਿਆਂ ਦੀ ਸੇਜ ਤੋਂ ਸੀ ਉੱਠਿਆ

ਜਦ ਲੈ ਕੇ ਸੁਪਨਾ ਅਤਲਸਾਂ ਦੇ ਥਾਨ ਦਾ

ਚੁੱਕਿਆ ਸੀ ਘੁੰਡ ਜਦੋਂ ਜਜਮਾਨ ਦਾ

ਮਹਿਕਿਆ ਸੀ ਰੋੜ ਵੀ ਚਉਗਾਨ ਦਾ

ਮੈਂ ਓਸ ਦਿਨ ਦੀ ਧੁੱਪ ਨੂੰ ਨਾ ਭੁੱਲਿਆ

ਮੈਂ ਓਸ ਦਿਨ ਦੀ 'ਵਾ ਨੂੰ ਹਾਂ ਪਚਿਚਾਣਦਾ

ਕਿ ਨਿੱਸਰੇ ਗ਼ਮ-ਗੋਪੀਆਂ ਦੇ ਵਲਵਲੇ

ਮਿਲ ਗਿਆ ਖ਼ੁਤਬਾ ਜਿਨ੍ਹਾਂ ਨੂੰ ਕਾਨ੍ਹ ਦਾ

ਵੇ ਅੱਜ ਕਾਠੇ ਦਿਲ ਦੀਆਂ ਮਾਛੇਰਨਾਂ ਨੂੰ

ਚਾਅ ਹੈ ਚੜ੍ਹਿਆ ਗੀਤ ਕੋਈ ਗਾਣਦਾ

ਇੱਕ ਸੀ ਕਥਨ ਜੋ ਬਾਈਬਲਾਂ ਨੇ ਆਖਿਆ

ਭਰਦਾ ਹੈ ਸਾਖੀ ਨਫ਼ਸ ਵੀ ਕੁਰਆਨ ਦਾ

ਛੇ ਦਿਨ ਸੀ ਲੱਗੇ ਜੱਗ ਦੀ ਰਚਨਾ ਲਈ

ਬੰਨ੍ਹਿਆ ਸੀ ਕਾਦਰ ਮੁੱਢ ਜਦੋਂ ਜਹਾਨ ਦਾ

ਪਹਿਲੇ ਤਾਂ ਰੋਜ਼ੇ ਦਿਨ ਤੇ ਰਾਤਾਂ ਜੰਮੀਆਂ

ਦਿਨ ਦੂਸਰੇ ਰਚਿਆ ਸੀ ਦਿਲ ਅਰਮਾਨ ਦਾ

ਦਿਨ ਤੀਸਰੇ ਘਾਹ, ਬੂਟੀਆਂ ਵਣ-ਪੱਤੀਆਂ

ਦਿਨ ਚੌਥੜਾ ਚੰਨ ਸੂਰਜਾਂ ਦੇ ਹਾਣ ਦਾ

ਪੰਚਮ ਦਿਵਸ ਨੂੰ ਜੰਤੜੇ, ਜਲ, ਪੰਖੀਆਂ

ਛੇਵਾਂ ਮਿਥੁਨ ਜੋੜੇ ਦੇ ਸੀ ਬਣ ਜਾਣ ਦਾ

ਕੁੱਲ ਜਗਤ-ਰਚਨਾ ਜੋ ਕਰਨੇ ਵਾਲੜਾ

ਸੱਤਵੇਂ ਤਾਂ ਦਿਨ ਕਾਦਰ ਹੈ ਲੰਮੀਆਂ ਤਾਣਦਾ

ਬਿਲਕੁਲ ਹੈ ਓਨਾ ਹੀ ਮਜ਼ਾ ਤੇ ਆਸਥਾ

ਵੇ ਉਂਗਲਾਂ ਵਿੱਚ ਉਂਗਲਾਂ ਨੂੰ ਪਾਣ ਦਾ

ਵੇ ਤੇਰੀਆਂ ਪਗਬੋਸੀਆਂ ਕਰ ਲੈਣ ਦਾ

ਤੇਰੀ ਬੁੱਕਲੇ ਮਿਰੇ ਹਾਣੀਆਂ ਸੁਸਤਾਣ ਦਾ

ਕਾਇਨਾਤ ਨੂੰ ਜਦ ਸਿਰਜ ਕੇ ਤੇ ਸਾਜ ਕੇ

ਕਾਦਰ ਨੇ ਜ਼ੁੰਮਾ ਚੁੱਕਿਆ ਨਿੰਦਰਾਣ ਦਾ

ਮੈਂ ਹੁੰਦਾ ਜਾਵਾਂ ਰੱਬ ਦੇ ਹੀ ਹਾਣ ਦਾ

ਮੈਂ ਹੋ ਗਿਆ ਹਾਂ ਰੱਬ ਦੇ ਹੀ ਹਾਣ ਦਾ

📝 ਸੋਧ ਲਈ ਭੇਜੋ