ਉਹ ਉਸ ਵਕਤ ਨਹੀਂ ਰੋਇਆ ਸੀ
ਜਦੋਂ ਬਾਲ-ਉਮਰੇ
ਉਸਦੀ ਦਾਦੀ ਨੇ
ਉਸਨੂੰ ਭਾਈ ਤਾਰੂ ਦੇ ਖੋਪੜੀ ਲੁਹਾਉਣ ਦੀ
ਤੇ ਮਨੀ ਸਿੰਘ ਦੇ ਬੰਦ-ਬੰਦ ਕਟਾਉਣ ਦੀ
ਸਾਖੀ ਸੁਣਾਈ ਸੀ
ਉਹ ਉਸ ਵਕਤ ਵੀ ਨਹੀਂ ਰੋਇਆ ਸੀ
ਬੱਸ ਹਾਓਕਾ ਭਰ ਕੇ ਰਹਿ ਗਿਆ ਸੀ
ਜਦੋਂ ਸਿਰਾਂ ਉੱਪਰਲੀਆਂ ਪੱਗਾਂ
ਟਾਇਰ ਬਣ ਗਲਾਂ 'ਚ ਪੈ ਗਈਆਂ ਸਨ
ਉਹ ਉਸ ਵਕਤ ਵੀ ਨਹੀਂ ਰੋਇਆ ਸੀ
ਤੇ ਪਥਰਾਅ ਗਿਆ ਸੀ
ਉਸ ਦੀਆਂ ਅੱਖਾਂ 'ਚ ਤੈਰਦਾ ਸਮੁੰਦਰ
ਜਦੋਂ ਕਮਾਦ ਗੋਡਦੇ ਕਿਰਤੀ ਪੁੱਤ ਦੇ ਬੰਨ੍ਹੀ
ਸਰ੍ਹੋ-ਫ਼ੁੱਲੀ ਪੱਗ
'ਅੱਤਵਾਦੀਮੁਕਾਬਲੇ' ਨੇ
ਲਹੂ ਦੇ ਰੰਗ 'ਚ ਬਦਲ ਦਿੱਤੀ ਸੀ
ਉਹ ਉਸ ਵਕਤ ਵੀ ਨਹੀਂ ਰੋਇਆ ਸੀ
ਬੱਸ ਸਿਸਕੀ 'ਚ ਬਦਲ ਗਈ ਸੀ
ਉਸਦੀ ਗੁੱਸੇ ਭਰੀ ਕੰਬਦੀ ਆਵਾਜ਼
ਜਦੋਂ ਉਸਦੇ ਪੋਤੇ ਨੇ
ਗ਼ਜ਼-ਗ਼ਜ਼ ਲੰਮੇ ਵਾਲ
ਸੇਵੀਆਂ ਵਾਂਗ ਦਾਦੀ ਦੀ ਝੋਲੀ 'ਚ
ਢੇਰੀ ਕਰ ਦਿੱਤੇ ਸਨ
ਪੱਗ
ਜਿਹੜੀ ਉਸਦਾ ਪੋਤਾ
ਨਾਈ ਦੀ ਦੁਕਾਨ 'ਤੇ ਭੁੱਲ ਆਇਆ ਸੀ
ਪੰਦਰਾਂ ਸਾਲਾਂ ਤੋਂ ਸੀਰੀ ਰਲਿਆ
ਬਿਹਾਰ ਦਾ ਜਾਇਆ ਰਾਧੇ-ਸ਼ਿਆਮ
ਸਿਰ 'ਤੇ ਬੰਨ੍ਹ ਕੇ ਬੋਲਿਆ ਜਦੋਂ-
'ਦੇਖੀਏ ਸਰਦਾਰ ਜੀ!
ਮੈਂ ਕਿਤਨਾ ਸੋਹਣਾ ਸਰਦਾਰ ਬਣ ਗਿਆ !'
ਉਸਨੂੰ ਬਿਨ੍ਹਾਂ ਦੱਸੇ
ਉਸਦਾ ਯਖ ਹੋਇਆ ਸਿਰ
ਰਾਧੇ-ਸ਼ਿਆਮ ਦੇ ਤਪਦੇ ਸੀਨੇ 'ਤੇ ਟਿਕ ਗਿਆ
ਤੇ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਿਆ