ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ।
ਅੱਜ ਕਿਉ ਸਰੀਰ ਤੇਰਾ ਚੱਲੇ ਨਸ਼ੇ ਨਾਲ ॥
ਸਰੋਂ ਵਰਗੀ ਜਵਾਨੀ ਪਿਆ ਮਿੱਟੀ ਵਿਚ ਰੋਲਦਾ ।
ਭੁੱਲ ਕੇ ਸਲੀਕੇ ਪਿਆ ਮੰਦੇ ਬੋਲ ਬੋਲਦਾ ॥
ਡਿੱਗਦਾ ਫਿਰੇਂ ਤੂੰ ਹੋ ਕੇ ਟੱਲੀ ਨਸ਼ੇ ਨਾਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਲੱਤ ਨਸ਼ੇ ਦੀ ਭੈੜੀ ਕਈ ਘਰ ਖਾ ਗਈ ।
ਬਣਕੇ ਘਟਾ ਕਾਲੀ ਚੰਨ ਉਤੇ ਛਾ ਗਈ ॥
ਵਿਕੀਆਂ ਜਮੀਨਾਂ ਕਿਤੇ ਵਿਕੇ ਘਰ ਬਾਰ ਨੇ ।
ਨਸ਼ੇ ਨੇ ਕਈ ਘਰ ਕੀਤੇ ਕਰਜ ਦਾਰ ਨੇ ॥
ਹਿੰਮਤ ਕਰ ਕੱਟ ਤੂੰ ਇਹ ਨਸ਼ੇ ਦੇ ਜਾਲ਼ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਇਹ ਪੱਗੜੀ ਜੱਟਾ ਜਾਨ ਹੈ ਪੰਜਾਬ ਦੀ ।
ਇਹ ਪੱਗੜੀ ਉੱਚੀ ਸ਼ਾਨ ਹੈ ਪੰਜਾਬ ਦੀ ॥
ਇਸ ਪੱਗੜੀ ਨੂੰ ਦੇਖੀਂ ਦਾਗ ਲੱਗ ਜਾਵੇ ਨਾ ।
ਇਸ ਪੱਗੜੀ ਦਾ ਮਾਨ ਮਿੱਟੀ ਮਿਲ ਜਾਵੇ ਨਾ ॥
ਇਸ ਪੱਗੜੀ ਦਾ ਭੋਰਾ ਕਰ ਤੂੰ ਖਿਆਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਤੇਰੇ ਉੱਤੇ ਜੱਟਾ ਹੈ ਭਾਰ ਸਾਰੇ ਦੇਸ਼ ਦਾ ।
ਜੰਗ ਦਾ ਮੈਦਾਨ ਜਾਂ ਕੰਮ ਹੋਵੇ ਖੇਤ ਦਾ ॥
ਖੇਡ ਦੇ ਮੈਦਾਨ ਵਿਚ ਸ਼ੇਰ ਕਿਥੋਂ ਗੱਜਣਗੇ ।
ਗੱਭਰੂ ਪੰਜਾਬ ਦੇ ਜੇ ਨਸ਼ੇ ਨਹੀਂ ਛੱਡਣਗੇ ॥
ਇਹੋ ਸੋਚ ਸੋਚ ਮੈਂ ਹੋਇਆ ਬੇਹਾਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਰਹਿੰਦੇ ਹੋਏ ਮੁੰਡੇ ਉਤੋਂ ਫੈਸ਼ਨਾ ਨੇ ਪੱਟ ਤੇ ।
ਕਰਨ ਨਾ ਕੰਮ ਭੋਰਾ ਸਾਰਾ ਦਿਨ ਨੈੱਟ ਤੇ ॥
ਹੱਥਾਂ 'ਚ ਮੁਬਾਈਲ ਲਾਏ ਕੰਨੀ ਹੈੱਡ ਫ਼ੋਨ ਏ ।
ਜਾਂਣੇ ਨਾ ਪਛਾਂਣੇ ਪੰਜਾਬੀ ਏ ਜਾਂ ਕੌਣ ਏ ॥
ਪਤਲਾ ਸਰੀਰ ਉਤੋਂ ਮਰੀ ਜਿਹੀ ਚਾਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਛੱਡ ਕੇ ਪੰਜਾਬੀ ਬੋਲੀ ਹਿੰਦੀ ਵਿਚ ਬੋਲਦੇ ।
ਬੰਦੇ ਦੀ ਪੜਾਈ ਅੰਗਰੇਜ਼ੀ ਵਿਚ ਤੋਲਦੇ ॥
ਪੁੱਠੇ ਪੁੱਠੇ ਅਰਥ ਲੋਕ ਕੱਢਣ ਪੰਜਾਬੀ ਦੇ ।
ਹੋਰ ਕੀ ਕੀ ਕਾਰਨ ਦੱਸਾਂ ਸਿਸਟਮ ਖ਼ਰਾਬੀ ਦੇ ॥
ਵਾਰ ਵਾਰ ਮਨ ਵਿਚ ਆਂਵਦਾ ਖਿਆਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ।
ਸੰਭਲ਼ ਜਾਓ ਯਾਰੋ ਨਾਲੇ ਸਾਂਭ ਲੋ ਪੰਜਾਬ ਨੂੰ ।
ਕਰ ਲਓ ਕਾਇਮ ਪੰਜ ਦਰਿਆਂ ਦੀ ਆਬ ਨੂੰ ॥
ਪੰਜਾਬੀ ਮਾਂ ਬੋਲੀ ਦਾ ਕਰੋ ਸਤਿਕਾਰ ਜੀ ।
ਨਸ਼ਿਆਂ ਨੂੰ ਜੱਗ ਵਿਚੋਂ ਕੱਢ ਦਿਓ ਬਾਹਰ ਜੀ ॥
ਤਾਹੀਓਂ ਇਹ ਦੇਸ਼ ਸਾਡਾ ਹੋਏ ਖੁਸ਼ਹਾਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥