ਪਹਾੜਾਂ ਨੂੰ ਤਰਾਸ਼ੇ ਇਹ ਟੋਏ ਮੈਦਾਨ ਕਰ ਜਾਵੇ
ਰਵਾਂ ਪਾਣੀ ਦਵੇ ਜੀਵਨ ਕਦੇ ਨੁਕਸਾਨ ਕਰ ਜਾਵੇ।
ਜੁੜੇ ਸਾਂ ਧਰਤ ਮਾਤਾ ਨਾਲ ਪੈਦਲ ਸਾਂ ਜਦੋਂ ਚਲਦੇ
ਇਹ ਰਫ਼ਤਾਰ ਹੀ ਨਾ ਸਾਂਝ ਨੂੰ ਕੁਰਬਾਨ ਕਰ ਜਾਵੇ।
ਭਸਮ ਹੋਏ ਬਿਰਖ ਬੂਟੇ ਲੱਗੀ ਹੈ ਅੱਗ ਹਰ ਪਾਸੇ
ਬਚੇ ਇਕ ਬੂਟ ਦੀ ਹਰਿਆਵਲੀ ਹੈਰਾਨ ਕਰ ਜਾਵੇ।
ਬਲੀ ਤੇਰੀ ਹੀ ਲੱਗੂਗੀ ਗ਼ੁਲਾਮੀ ਹੈ ਤੇਰੇ ਹਿੱਸੇ
ਸਿਆਸੀ ਬੈਲ ਤੇਰਾ ਖੇਤ ਨਾ ਵੀਰਾਨ ਕਰ ਜਾਵੇ।
ਮੁਹੱਬਤ ਹੈ ਨਿਰਾਲੀ ਇੱਕ ਕਹਾਣੀ ਬਿਰਹੜੀ ਯਾਰਾ
ਛਿੜੇ ਤਾਂ ਦਿਲ ਹੀ ‘ਉੱਪਲ’ ਦਾ ਲਹੂ ਲੂਹਾਣ ਕਰ ਜਾਵੇ।