ਪਹਿਲਾਂ ਭੁੱਖ ਦੀ ਕੁੱਖ ਨਾ ਖੇਡਣ ਦਿੱਤਾ
ਤੇ ਫਿਰ ਏਸੇ ਦੁੱਖ ਨਾ ਖੇਡਣ ਦਿੱਤਾ
ਜਾਹ ਵੇ ਲੇਖਾ ਤੇਰੀ ਖੇਡ ਨੇ ਇੱਕ ਵੀ
ਸਾਡੇ ਵਿਹੜੇ ਸੁੱਖ ਨਾ ਖੇਡਣ ਦਿੱਤਾ
ਮਾਂ ਕਹਿੰਦੀ ਏ ਪੁੱਤਰਾ ਨਿੱਕੇ ਹੁੰਦਿਆਂ
ਤੈਨੂੰ ਘਰ ਦੀ ਭੁੱਖ ਨਾ ਖੇਡਣ ਦਿੱਤਾ
ਧੁੱਪੇ ਸਾਂ ਤੇ ਧੁੱਪ ਨੇ ਧੱਕੇ ਦਿੱਤੇ
ਛਾਂਵੇਂ ਇੱਕ ਵੀ ਰੁੱਖ ਨਾ ਖੇਡਣ ਦਿੱਤਾ
ਗੋਰੇ ਚਿੱਟੇ ਰੰਗਾਂ ਦੇ ਸੰਗ ‘ਸੰਧੂ’
ਸਾਡੇ ਪੀਲੇ ਮੁੱਖ ਨਾ ਖੇਡਣ ਦਿੱਤਾ