ਪਹਿਰਾਵਾ ਪਹਿਨ ਚਿੱਟਾ ਤੂੰ ਨਿਕਲੀ ਤਾਂ ਹੈ ਘਰ 'ਚੋਂ।
ਲੰਘੇਗੀ ਕਿਵੇਂ ਜਿੰਦੇ ਨੀ ਕੱਜਲ ਦੇ ਸ਼ਹਰ 'ਚੋਂ।
ਇਲਜ਼ਾਮ ਬਣੇ ਪੱਥਰ, ਦੁਸ਼ਨਾਮ ਬਣੀ ਬਸਤੀ,
ਸੀ ਇਸਦੇ ਸਿਵਾ ਮਿਲਣਾ ਕੀਹ ਬੇ-ਇਲਮ ਨਗਰ 'ਚੋਂ।
ਉਸਦੇ ਵੀ ਤਾਂ ਮੱਥੇ ਤੇ ਲੱਗੇ ਦਾਗ਼ ਮਿਲਣਗੇ,
ਕਿਸ ਚੰਦ ਨੂੰ ਰਹੇ ਢੂੰਡ ਤੁਸੀਂ ਮੇਰੀ ਨਜ਼ਰ 'ਚੋਂ?
ਇੱਕ ਲੁੱਟੀ ਹੋਈ ਬਸਤੀ ਸਾਰੰਗੀ ਤੇ ਹਨੇਰਾ,
ਕੁਝ ਟੁੱਟੇ ਹੋਏ ਗਜਰੇ ਮਿਲੇ ਰਾਤ ਸਫ਼ਰ ’ਚੋਂ।
ਬਰਬਾਦ ਮਨਾਂ ਵਿਚ ਹੈ ਤਿਰੀ ਯਾਦ ਸੰਵਰਦੀ,
ਮਹਿਬੂਬ ਕੁਈ ਲੱਭਦਾ ਹੋਏ ਜਿੱਦਾਂ ਕਬਰ ’ਚੋਂ।
ਰੌਸ਼ਨ ਨੇ ਜੀਦ੍ਹੇ ਸਦਕਾ ਜ਼ਿਮੀਂ, ਚੰਦ, ਤਾਰੇ,
‘ਅਜਮੇਰ’ ਗਿਰੇ ਬੰਦੇ ਤਾਂ ਔਰਤ ਦੀ ਨਜ਼ਰ 'ਚੋਂ।