ਲੈ, ਚੱਲ ਆਇਆ ਤੇਰੇ ਦਰ ਤੇ, ਤੋੜ ਕੇ ਸਾਰੇ ਜਾਲ।
ਤੇਰੀ ਮਰਜੀ, ਠੁਕਰਾ ਦੇ ਜਾਂ, ਲਾ ਲੈ ਸੀਨੇ ਨਾਲ॥
ਚਿਰਾਂ ਤੋਂ ਫਸਿਆ, ਮੰਝਧਾਰੇ ਵਿੱਚ, ਰਿਹਾ ਕਿਨਾਰਾ ਭਾਲ।
ਦੁੱਖ ਦੀਆਂ ਸ਼ਮਸ਼ੀਰਾਂ ਚਮਕਣ, ਆ ਜਾ ਬਣ ਕੇ ਢਾਲ॥
ਤੂੰ ਮੇਰਾ ਯਾਰ ਤੂੰ ਮੁਰਸ਼ਦ ਮੇਰਾ, ਮੈਂ ਹਾ ਤੇਰਾ ਬਾਲ।
ਤੇਰੇ ਬਿਨਾ ਹਨੇਰਾ ਜਿੰਦਗੀ, "ਮੰਡੇਰ" ਦੇ ਮੰਦੜੇ ਹਾਲ॥
ਤੇਰੇ ਦਰ ਦੀ ਕੰਜਰੀ ਵੇ ਮੈਂ, ਨੱਚਾਂ ਤਾਲ, ਬੇਤਾਲ।
ਇਸ਼ਕ ਤੇਰੇ ਦੇ ਰੰਗ ਵਿੱਚ ਰੰਗੀ, ਹੋ ਗਈ ਸੂਹੀ ਲਾਲ॥
ਤੂੰ ਮੇਰੇ ਕੋਲ ਵੀ, ਦੂਰ ਵੀ ਰਹਿਨੈ, ਸਮਝੀ ਤੇਰੀ ਚਾਲ।
ਆ ਜਾ ਹੁਣ ਬੱਸ ਦਰਸ਼ਨ ਦੇ ਦੇ, ਲਿਆ ਬਥੇਰਾ ਭਾਲ॥