ਪੈੜ ਦਾ ਹਰਫ਼

ਪੈੜ ਦਾ ਹਰਫ਼ ਕਦੋਂ ਥਲ 'ਤੇ ਲਿਖਣ ਦੇਂਦਾ

ਰੇਤ ਦਾ ਸੇਕ ਕਦੋਂ ਪੈਰ ਟਿਕਣ ਦੇਂਦਾ

ਤੋੜ ਲੈ ਜਾਣਗੇ ਲੋਕੀਂ ਜੇ ਨਾ ਤੋੜੇਗੀ ਹਵਾ

ਕੌਣ ਫੁੱਲਾਂ ਨੂੰ ਘੜੀ ਪਹਿਰ ਟਿਕਣ ਦੇਂਦਾ

ਡੋਬ ਲੈਂਦਾ ਕਲੇਜੇ ਵਿਚ ਖ਼ੰਜਰ ਵਾਂਗੂੰ

ਦਰਦ ਸੂਰਜ ਨੂੰ ਕਦੋਂ ਐਵੇਂ ਮਿਟਣ ਦੇਂਦਾ

ਖ਼ਾਕ ਕਰ ਦੇਂਦੀ ਬੰਦੇ ਨੂੰ ਸਹੀ ਮੁਲ ਦੀ ਤਲਾਸ਼

ਕੌਣ ਆਪੇ ਨੂੰ ਉਰ੍ਹਾਂ ਉਸ ਤੋਂ ਵਿਕਣ ਦੇਂਦਾ

ਇਹ ਜੁ ਦੀਵਾਰਾਂ ਨੇ ਇਹ ਤ੍ਰੇੜਾਂ ਲਈ ਵਰਕੇ ਨੇ

ਸਾਨੂੰ ਏਨ੍ਹਾਂ ਤੇ ਗ਼ਜ਼ਲ ਕੌਣ ਲਿਖਣ ਦੇਂਦਾ

📝 ਸੋਧ ਲਈ ਭੇਜੋ